PUNJAB TODAY NEWS CA:- ਕਿਸੇ ਕਵੀ ਨੇ ਮਾਂ ਦੀ ਉਪਮਾ ਵਿੱਚ ਬਹੁਤ ਸੋਹਣੀਆਂ ਸਤਰਾਂ ਉਚਾਰੀਆਂ,ਉਹ ਕਹਿੰਦਾ ਹੈ ਕਿ: ਰੁਤਬਾ ਮਾਂ ਦਾ ਰੱਬ ਬੁਲੰਦ ਕੀਤਾ,ਸਾਨੀ ਮਾਂ ਦਾ ਵਿੱਚ ਸੰਸਾਰ ਕੋਈ ਨਹੀਂ ਦਰਦੀ ਕੋਈ ਨਹੀ ਮਾਂ ਦੇ ਦਿਲ ਵਰਗਾ, ਮਾਂ ਵਾਗੂੰ ਕਰਦਾ ਪਿਆਰ ਕੋਈ ਨਹੀਂ ਜਿਹਦੇ ਸਿਰ ਤੇ ਮਾਂ ਦਾ ਹੱਥ ਹੋਵੇ, ਉਹਨੂੰ ਦੋਹਾਂ ਜਹਾਨਾਂ ਚ ਹਾਰ ਕੋਈ ਨਹੀਂ,ਜ਼ਿੰਦਗੀ ਆਪਣਿਆਂ ਦੇ ਮੋਹ,ਪਿਆਰ ਦੀਆਂ ਤੰਦਾਂ ਦੇ ਕਰਕੇ ਹੀ ਹਸੀਨ ਹੁੰਦੀ ਹੈ,ਸਾਡੇ ਰਿਸ਼ਤੇ ਨਾਤੇ ਹੀ ਸਾਡੀ ਦੁਨੀਆਂ ਹੁੰਦੀ ਹੈ,ਦੁੱਖ ਸੁੱਖ ਦੇ ਸਹਾਇਕ ਸਾਡੇ ਸਾਰੇ ਰਿਸ਼ਤੇ ਸਾਡੇ ਜੀਵਨ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਹਨ,ਹਰ ਰਿਸ਼ਤੇ ਦੀ ਇੱਕ ਆਪਣੀ ਅਹਿਮੀਅਤ ਹੈ।
ਹਰ ਰਿਸ਼ਤੇ ਦਾ ਆਪਣਾ ਕਿਰਦਾਰ ਤੇ ਜਿੰਮੇਵਾਰੀਆਂ ਹਨ,ਪਰ ਪੂਰੀ ਦੁਨੀਆਂ ਵਿੱਚ ਜਿਸ ਰਿਸ਼ਤੇ ਨੂੰ ਸਭ ਤੋਂ ਵੱਧ ਸਤਿਕਾਰਿਆ ਗਿਆ ਉਹ ਹੈ ਮਾਂ ਦਾ ਰਿਸ਼ਤਾ,ਜੱਗ ਜਨਣੀ, ਸਿਰਜਣਹਾਰੀ, ਦੇਵੀ, ਰੱਬ ਦਾ ਰੂਪ, ਇਹ ਸਾਰੇ ਨਾਮ ਮਾਂ ਦੇ ਹਿੱਸੇ ਆਏ ਹਨ,ਮਾਵਾਂ ਹੁੰਦੀਆਂ ਹੀ ਏਨੀਆਂ ਪਿਆਰੀਆਂ ਹਨ, ਆਪਣੇ ਮੂੰਹ ਚੋਂ ਬੁਰਕੀ ਖੋਹ ਬੱਚਿਆਂ ਦੇ ਮੂੰਹ ਚ ਪਾਉਣ ਦਾ ਜ਼ੇਰਾ ਰੱਬ ਨੇ ਬਸ ਮਾਂ ਨੂੰ ਹੀ ਦਿੱਤਾ ਹੈ,ਬੱਚਿਆਂ ਦੇ ਢਿੱਡ ਭਰਨ ਲਈ ਆਪ ਭੁੱਖੇ ਢਿੱਡ ਡੰਗ ਸਾਰਣ ਦਾ ਸਬਰ ਕਾਦਰ ਨੇ ਮਾਂ ਦੀ ਝੋਲੀ ਹੀ ਪਾਇਆ ਹੈ,ਮਾਂ ਅਸਲ ਵਿੱਚ ਹੈ ਹੀ ਸਬਰ ਦਾ ਦੂਜਾ ਨਾਮ! ਇਸਦੀ ਉਦਹਾਰਣ ਵੇਖਣੀ ਹੋਵੇ ਤਾਂ ਪੇਕਿਆਂ ਦੇ ਘਰਾਂ ਵਿੱਚ ਚੁਲਬੁਲੀਆਂ ਧੀਆਂ, ਸੋ ਸੋ ਨਖਰੇ ਕਰਨ ਵ ਾ ਲ ੀ ਅ ਾਂ ਧੀਆਂ ਜਦ ਵਿਆਹ ਤੋਂ ਬਾਅਦ ਮਾਵਾਂ ਬ ਣ ਦ ੀ ਅ ਾਂ ਹਨ ਤਾਂ ੳ ੁ ਹ ਨ ਾਂ ਦਾ ਉਹੀ ਚੁਲਬੁਲਾ ਬਣ ਸਿਆਣਪ, ਸਮਝ ਤੇ ਸਬਰ ਵਿੱਚ ਤਬਦੀਲ ਹੋ ਜਾਂਦਾ ਹੈ।
ਜਿਹੜੀ ਧੀ ਕੱਚੀ ਨੀਂਦੇ ਉੱਠ ਜਾਣ ਤੇ ਪੇਕਾ ਘਰ ਸਿਰ ਤੇ ਚੁੱਕ ਲੈਂਦੀ, ਮਾਂ ਬਨਣ ਤੋਂ ਬਾਅਦ ਸਾਰੀ ਸਾਰੀ ਰਾਤ ਆਪਣੇ ਬੱਚੇ ਦੀ ਖਾਤਰ ਜਾਗਦੀ ਰਹਿੰਦੀ ਹੈ,ਮਾਵਾਂ ਦੇ ਹੱਥ ਬਰਕਤਾਂ ਵਾਲੇ ਹੱਥ ਹੁੰਦੇ ਹਨ, ਇਹਨਾਂ ਦੇ ਪੈਰਾਂ ਵਿੱਚ ਵਿਹੜਿਆਂ ਦੀ ਰੌਣਕਾਂ ਲੁੱਡੀਆਂ ਪਾਉਂਦੀਆਂ ਹਨ,ਇਹਨਾਂ ਦੇ ਸਾਏ ਹੇਠਾਂ ਇਹਨਾਂ ਦੇ ਬੱਚੜੇ ਸਰਦਾਰੀਆਂ ਕਰਦੇ ਨੇ,ਪੋਟਾ ਪੋਟਾ ਜੋੜ ਘਰ ਬਣਾਉਂਦੀ ਮਾਂ ਸਾਰੀ ਉਮਰ ਨਹੀਂ ਥੱਕਦੀ, ਬੱਚਿਆਂ ਦੀ ਖਾਤਰ ਆਪਣੇ ਸਾਰੇ ਰੀਝਾਂ ਚਾਵਾਂ, ਮਲਾਰਾਂ ਨੂੰ ਮਾਂ ਕਿਤੇ ਡੂੰਘੀ ਖੱਡ ਵਿੱਚ ਦੱਬ ਦਿੰਦੀ ਹੈ ਤੇ ਆਪਣੇ ਬੱਚਿਆਂ ਤੇ ਘਰ ਪਰਿਵਾਰ ਦੇ ਸੁਪਨਿਆਂ ਨੂੰ ਆਪਣੇ ਸੁਪਨੇ ਬਣਾ ਲੈਂਦੀ ਹੈ।
ਮਾਂ ਇਸ ਕੁਦਰਤ ਦੇ ਸਾਰੇ ਰਿਸ਼ਤਿਆਂ ਤੋਂ ਅਹਿਮ ਤੇ ਪਾਕ ਪਵਿੱਤਰ ਰਿਸ਼ਤਾ ਹੈ, ਪਰ ਅੱਜ ਸਾਡੀਆਂ ਮਾਵਾਂ ਦੀ ਦਸ਼ਾ ਉਨ੍ਹੀਂ ਚੰਗੀ ਨਹੀਂ ਜਿੰਨੀ ਹੋਣੀ ਚਾਹੀਦੀ, ਬਿਰਧ ਘਰਾਂ ਵਿੱਚ ਪਈਆਂ ਮਾਵਾਂ ਨੂੰ ਇੱਕ ਵਾਰ ਮਿਲਣ ਦਾ ਮੌਕਾ ਬਣਿਆ ਤਾਂ ਮਾਂ ਕਹਿਣ ਲੱਗੀ ਪੁੱਤ ਆ ਮੇਰਾ ਲੱਕ ਵੇਖ…. ਇਸ ਲੱਕ ਤੇ ਚੁੱਕ ਚੁੱਕ ਕੇ ਪੁੱਤ ਨੂੰ ਪਾਲਿਆ ਸੀ, ਜਿਸ ਦਿਨ ਘਰੋਂ ਕੱਡਿਆ ਏਸੇ ਲੱਕ ਉੱਤੇ ਲੱਤ ਮਾਰ ਕੇ ਬਾਹਰ ਸੁੱਟਿਆ ਸੀ, ਕਿਸੇ ਕਬਾੜੀ ਦੇ ਸਮਾਨ ਵਾਂਗ, ਮੈ ਸੁਣਦੇ ਸਾਰ ਸੁੰਨ ਹੋ ਗਈ ਤੇ ਸੋਚਣ ਲੱਗੀ ਕਿ ਕਿਸ ਤਰ੍ਹਾਂ ਦਾ ਅਕਿਰਤਘਣ ਸਮਾਜ ਅਸੀਂ ਸਿਰਜ ਰਹੇਂ ਹਾਂ, ਜਿੱਥੇ ਤੀਲਾ ਤੀਲਾ ਜੋੜ ਬਣਾਏ ਘਰ ਵਿੱਚ ਮਾਪਿਆਂ ਲਈ ਇੱਕ ਕਮਰਾ ਤੱਕ ਨਹੀਂ ਰਹਿ ਜਾਂਦਾ।
ਇੱਕ ਗੱਲ ਯਾਦ ਰੱਖਣਯੋਗ ਹੈ ਕਿ ਹੋਰ ਕਿਸੇ ਦੀ ਦੁਆਵਾਂ ਲੱਗਣ ਜਾਂ ਨਾ ਲੱਗਣ ਪਰ ਮਾਂ ਦੇ ਮੂੰਹੋਂ ਨਿਕਲੀ ਦੁਆਂ ਆਪਣੇ ਬੱਚਿਆਂ ਲਈ ਕੀਤੀਆਂ ਅਰਦਾਸਾਂ ਕਦੇ ਵਿਅਰਥ ਨਹੀਂ ਜਾਂਦੀਆਂ, ਮਾਂ ਆਪਣੀ ਆਈ ਤੇ ਆ ਜਾਵੇ ਤਾਂ ਮੋਤ ਦੇ ਮੂੰਹ ਵਿੱਚੋਂ ਵੀ ਆਪਣੇ ਆਦਰਾਂ ਦੇ ਟੋਟੇ ਨੂੰ ਛੁਡਾ ਲਿਆਉਂਦੀ ਹੈ,ਇਹ ਕਰਮਾਂ ਵਾਲੀਆਂ ਰੂਹਾਂ ਸਤਿਕਾਰ ਦੀਆਂ ਹੱਕਦਾਰ ਹਨ,ਇਹ ਪਾਕ ਪਵਿੱਤਰ ਰੂਹਾਂ ਦੇ ਚਰਨ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ,ਆਉ ਅੱਜ ਮਾਂ ਦਿਵਸ ਦੇ ਇਸ ਖਾਸ ਮੌਕੇ ਤੇ ਪ੍ਣ ਕਰੀਏ ਕਿ ਸਾਡੀਆਂ ਮਾਵਾਂ ਦਾ ਬੁਢਾਪਾ ਅਸੀਂ ਉਹਨਾਂ ਮਜ਼ਬੂਤ ਹੱਥਾਂ ਵਾਂਗ ਹੀ ਸਾਂਭ ਸਕੀਏ ਜਿਵੇ ਦੇ ਮਜ਼ਬੂਤ ਹੱਥਾਂ ਨਾਲ ਮਾਂ ਨੇ ਕਦੇ ਬਚਪਨ ਵਿੱਚ ਸਾਨੂੰ ਸੋ ਵਾਰ ਡਿੱਗਣ ਤੋਂ ਬਚਾਇਆ ਸੀ,ਰੱਬ ਕਰੇ ਹਰ ਘਰ ਦੇ ਵਿਹੜੇ ਵਿੱਚ ਮਾਵਾਂ ਦੇ ਹਾਸੇ, ਉਹਨਾਂ ਦੀ ਝਿੜਕ ਦੀ ਬਿੜਕ ਸੁਣਦੀ ਰਹੇ,ਹਰ ਮਾਂ ਸਰਦਾਰੀ ਭੋਗ ਕੇ ਜਾਵੇ ਤੇ ਕੋਈ ਮਾਂ ਔਲਾਦ ਹੱਥੋਂ ਦੁੱਖੀ ਨਾ ਹੋਵੇ।