OTTAWA,(PUNJAB TODAY NEWS CA):- ਸਰਕਾਰ ਦੇ 5·3 ਬਿਲੀਅਨ ਡਾਲਰ ਦੇ ਡੈਂਟਲ ਕੇਅਰ ਪ੍ਰੋਗਰਾਮ (Dental Care Program) ਤੋਂ ਜਾਣੂ ਸੂਤਰਾਂ ਦਾ ਕਹਿਣਾ ਹੈ ਕਿ ਐਨਡੀਪੀ (NDP) ਨਾਲ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਨ ਲਈ ਲਿਬਰਲਾਂ (Liberals) ਵੱਲੋਂ ਆਰਜ਼ੀ ਹੱਲ ਕੱਢਣ ਲਈ ਯੋਜਨਾ ਬਣਾਈ ਜਾ ਰਹੀ ਹੈ,ਇਸ ਵਿੱਚ ਰਕਮ ਸਿੱਧੀ ਮਰੀਜ਼ਾਂ ਨੂੰ ਦੇਣ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ,2025 ਤੋਂ ਪਹਿਲਾਂ ਚੋਣਾਂ ਟਾਲਣ ਲਈ ਮਾਰਚ ਵਿੱਚ ਕੀਤੇ ਗਏ ਸਪਲਾਈ ਤੇ ਕੌਨਫੀਡੈਂਸ (Confidence) ਸਮਝੌਤੇ ਤਹਿਤ ਲਿਬਰਲਾਂ ਵੱਲੋਂ ਐਨਡੀਪੀ (NDP) ਨੂੰ ਇਹ ਵਾਅਦਾ ਕੀਤਾ ਗਿਆ ਸੀ।
ਕਿ ਘੱਟ ਤੇ ਦਰਮਿਆਨੀ ਆਮਦਨ ਵਾਲੇ ਪਰਿਵਾਰਾਂ ਲਈ ਨਵਾਂ ਡੈਂਟਲ ਕੇਅਰ ਪ੍ਰੋਗਰਾਮ (New Dental Care Program) ਲਿਆਂਦਾ ਜਾਵੇਗਾ,ਸਰਕਾਰ ਕੋਲ ਇਸ ਸਾਲ ਦੇ ਅੰਤ ਤੱਕ ਦਾ ਸਮਾਂ ਹੈ ਕਿ ਉਹ 90,000 ਡਾਲਰ ਸਾਲਾਨਾਂ ਤੋਂ ਘੱਟ ਆਮਦਨ ਵਾਲੇ ਘਰਾਂ ਦੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕਵਰੇਜ ਮੁਹੱਈਆ ਕਰਾਵੇ,ਜਿ਼ਕਰਯੋਗ ਹੈ ਕਿ ਇਹ ਸ਼ਰਤ ਪੂਰੀ ਨਾ ਕਰਨ ਦੀ ਸੂਰਤ ਵਿੱਚ ਐਨਡੀਪੀ (NDP) ਵੱਲੋਂ ਡੀਲ ਤੋਂ ਪਾਸੇ ਹੋਣ ਦਾ ਤਹੱਈਆ ਪ੍ਰਗਟਾਇਆ ਗਿਆ ਹੈ।
ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਚਾਰ ਸਰਕਾਰੀ ਸੂਤਰਾਂ ਨੇ ਦੱਸਿਆ ਕਿ ਸਰਕਾਰ ਕਿਸੇ ਵੀ ਤਰ੍ਹਾਂ ਇਹ ਡੈੱਡਲਾਈਨ (Deadline) ਪੂਰੀ ਨਹੀਂ ਕਰ ਸਕਦੀ,ਇਸ ਲਈ ਸਰਕਾਰ ਵੱਲੋਂ ਥੋੜ੍ਹੀ ਦੇਰ ਲਈ ਕੋਈ ਵਿਚਲਾ ਰਾਹ ਅਪਣਾਇਆ ਜਾਵੇਗਾ ਤਾਂ ਕਿ ਇਸ ਪ੍ਰੋਗਰਾਮ ਨੂੰ ਪਰਮਾਨੈਂਟ ਤੌਰ ਉੱਤੇ ਲਾਗੂ ਕੀਤਾ ਜਾ ਸਕੇ,ਇਸ ਦੌਰਾਨ ਐਨਡੀਪੀ (NDP)ਦੇ ਹੈਲਥ ਕ੍ਰਿਟਿਕ ਡੌਨ ਡੇਵੀਜ਼ (Health Critic Don Davies) ਨੇ ਇਸ ਆਰਜ਼ੀ ਪਲੈਨ ਬਾਰੇ ਤਾਂ ਕੋਈ ਗੱਲ ਨਹੀਂ ਕੀਤੀ।
ਪਰ ਇੱਕ ਬਿਆਨ ਵਿੱਚ ਆਖਿਆ ਕਿ ਪਾਰਟੀ ਨੇ ਅਜਿਹੇ ਕਈ ਢੰਗ ਲੱਭੇ ਹੋਏ ਹਨ ਜਿਨ੍ਹਾਂ ਨਾਲ ਲੋੜਵੰਦ ਗਰੁੱਪਜ਼ (Groups) ਨੂੰ ਡੈਂਟਲਕੇਅਰ (Dental Care) ਸਮੇਂ ਸਿਰ ਮਿਲ ਸਕੇ,ਡੇਵੀਜ਼ (Davies) ਨੇ ਆਖਿਆ ਕਿ ਜਦੋਂ ਸਾਲ ਦੇ ਅੰਤ ਵਿੱਚ ਪਾਰਲੀਆਮੈਂਟ (Parliament) ਦੀ ਕਾਰਵਾਈ ਸ਼ੁਰੂ ਹੋਵੇਗੀ ਤਾਂ ਉਨ੍ਹਾਂ ਵੱਲੋਂ ਲਿਬਰਲਾਂ (Liberals) ਉੱਤੇ ਡੈਂਟਲ ਕੇਅਰ ਬਿੱਲ (Dental Care Bill) ਲਿਆਉਣ ਲਈ ਦਬਾਅ ਪਾਇਆ ਜਾਵੇਗਾ,ਪਿਛਲੇ ਹਫਤੇ ਐਨਡੀਪੀ ਆਗੂ ਜਗਮੀਤ ਸਿੰਘ (NDP Leader Jagmeet Singh) ਵੀ ਡੈੱਡਲਾਈਨ (Deadline) ਪੂਰੀ ਕਰਨ ਲਈ ਸਿਹਤ ਮੰਤਰੀ ਦੇ ਬਿਆਨ ਦੀ ਤਾਈਦ ਕਰ ਚੁੱਕੇ ਹਨ।