ਬਾਦਲਾਂ ਦੀਆਂ ਬੱਸਾਂ ਦਾ ਚੰਡੀਗੜ੍ਹ ‘ਚ ਦਾਖ਼ਲਾ ਬੰਦ, ਸਿਰਫ਼ ਪੰਜਾਬ ਸਰਕਾਰ ਦੀਆਂ ਬੱਸਾਂ ਹੀ ਹੋ ਸਕਣਗੀਆਂ ਚੰਡੀਗੜ੍ਹ ਦਾਖ਼ਲ: ਭੁੱਲਰ
– “ਪੰਜਾਬ ਟਰਾਂਸਪੋਰਟ (ਸੋਧ) ਸਕੀਮ-2022” ਤਹਿਤ 100 ਫ਼ੀਸਦੀ ਸ਼ੇਅਰ ਨਾਲ ਸਿਰਫ਼ ਸੂਬਾ ਸਰਕਾਰ ਦੀਆਂ ਬੱਸਾਂ ਨੂੰ ਹੀ ਅੰਤਰ-ਰਾਜੀ ਰੂਟਾਂ ‘ਤੇ ਚਲਣ ਦੀ ਇਜਾਜ਼ਤ
– ਕਿਹਾ, ਬਾਦਲ ਪਰਿਵਾਰ ਨੇ ਆਪਣੀਆਂ ਅਤੇ ਆਪਣੇ ਸਹਿਯੋਗੀਆਂ ਦੀਆਂ ਬੱਸਾਂ ਦਾ ਚੰਡੀਗੜ੍ਹ ਵਿੱਚ ਦਾਖ਼ਲਾ ਯਕੀਨੀ ਬਣਾ ਕੇ ਸਰਕਾਰੀ ਖ਼ਜ਼ਾਨੇ ਨੂੰ ਢਾਹ ਲਾਈ
– ਕਾਂਗਰਸ ਸਰਕਾਰ ਨੇ ਵੀ ਆਪਸੀ ਮਿਲੀਭੁਗਤ ਨਾਲ ਪਹੁੰਚਾਇਆ ਬਾਦਲਾਂ ਤੇ ਵੱਡੇ ਬੱਸ ਆਪ੍ਰੇਟਰ ਘਰਾਣਿਆਂ ਨੂੰ ਫ਼ਾਇਦਾ
Chandigarh, 13 December 2022,(Punjab Today News Ca):- ਪੰਜਾਬ ਵਿੱਚੋਂ ਪ੍ਰਾਈਵੇਟ ਬੱਸ ਮਾਫ਼ੀਆ ਜੜ੍ਹੋਂ ਖ਼ਤਮ ਕਰਨ ਦੇ ਵਾਅਦੇ ਨਾਲ ਸੱਤਾ ਦੀ ਕਮਾਨ ਸੰਭਾਲਣ ਵਾਲੀ ਮੁੱਖ ਮੰਤਰੀ ਭਗਵੰਤ ਮਾਨ (Chief Minister Punjab Bhagwant Mann) ਦੀ ਸਰਕਾਰ ਨੇ ਇੱਕ ਹੋਰ ਅਹਿਮ ਫ਼ੈਸਲਾ ਲੈਂਦਿਆਂ ਇੰਟਰ-ਸਟੇਟ ਰੂਟਾਂ (Inter-State Routes) ‘ਤੇ ਬਾਦਲ ਪਰਿਵਾਰ ਅਤੇ ਵੱਡੇ ਬੱਸ ਆਪ੍ਰੇਟਰਾਂ ਦੀਆਂ ਨਿੱਜੀ ਬੱਸਾਂ ਦਾ ਏਕਾਧਿਕਾਰ ਖ਼ਤਮ ਕਰ ਦਿੱਤਾ ਹੈ।
ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (Minister of Transport Laljit Singh Bhullar) ਨੇ ਦੱਸਿਆ ਕਿ ਬਾਦਲ ਪਰਿਵਾਰ ਨੇ 2007 ਤੋਂ 2017 ਦੀਆਂ ਆਪਣੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਆਪਣੇ ਨਿੱਜੀ ਕਾਰੋਬਾਰ ਚਲਾਉਣ ਦੀ ਸੌੜੀ ਨੀਤੀ ਤਹਿਤ ਸਕੀਮਾਂ ਬਣਾਈਆਂ ਜਿਸ ਵਿੱਚ ਉਨ੍ਹਾਂ ਤੋਂ ਬਾਅਦ ਦੀ ਕਾਂਗਰਸ ਸਰਕਾਰ ਨੇ ਵੀ ਬਾਦਲਾਂ ਦੇ ਟਰਾਂਸਪੋਰਟ ਕਾਰੋਬਾਰ ਚਲਾਉਣ ਵਿੱਚ ਮਦਦ ਕੀਤੀ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਇਸੇ ਮਨਸ਼ੇ ਤਹਿਤ ‘ਪੰਜਾਬ ਟਰਾਂਸਪੋਰਟ ਸਕੀਮ-2018’ (‘Punjab Transport Scheme-2018’) ਬਣਾਈ ਗਈ ਜਿਸ ਵਿੱਚ ਸਟੇਟ ਸ਼ੇਅਰ ਘਟਾ ਕੇ ਵੱਡੇ ਬੱਸ ਆਪ੍ਰੇਟਰਾਂ ਨੂੰ ਫ਼ਾਇਦਾ ਤਾਂ ਪਹੁੰਚਾਇਆ ਹੀ ਗਿਆ ਜਿਸ ਦਾ ਸਿੱਧਾ ਫ਼ਾਇਦਾ ਬਾਦਲ ਪਰਿਵਾਰ ਨੂੰ ਮਿਲਿਆ, ਸਗੋਂ ਚੰਡੀਗੜ੍ਹ ਵਿੱਚ ਬਾਦਲ ਪਰਿਵਾਰ ਦੀਆਂ ਬੱਸਾਂ ਦਾ ਦਾਖ਼ਲਾ ਬਾਦਸਤੂਰ ਜਾਰੀ ਰਿਹਾ,ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਡੀ ਪੱਧਰ ‘ਤੇ ਢਾਹ ਲਾਈ ਜਾਂਦੀ ਰਹੀ।
ਕੈਬਨਿਟ ਮੰਤਰੀ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (Cabinet Minister Minister of Transport Laljit Singh Bhullar) ਨੇ ਦੱਸਿਆ ਕਿ “ਪੰਜਾਬ ਟਰਾਂਸਪੋਰਟ ਸਕੀਮ-2018” ਵਿੱਚ ਸੋਧ ਕਰਕੇ ਇਸ ਨੂੰ “ਪੰਜਾਬ ਟਰਾਂਸਪੋਰਟ (ਸੋਧ) ਸਕੀਮ-2022” (“Punjab Transport (Amendment) Scheme-2022”) ਕਰ ਦਿੱਤਾ ਗਿਆ ਹੈ,ਸਕੀਮ ਦੇ ਕਲਾਜ-3 ਦੇ ਲੜੀ ਨੰਬਰ-ਬੀ ਵਿੱਚ ਤਰਮੀਮ ਨਾਲ ਹੁਣ 100 ਫ਼ੀਸਦੀ ਸ਼ੇਅਰ ਨਾਲ ਸਿਰਫ਼ ਸੂਬਾ ਸਰਕਾਰ ਦੀਆਂ ਬੱਸਾਂ ਹੀ ਚੰਡੀਗੜ੍ਹ ਵਿੱਚ ਦਾਖ਼ਲ ਹੋ ਸਕਣਗੀਆਂ,ਉਨ੍ਹਾਂ ਦੱਸਿਆ ਕਿ ਅੰਤਰ-ਰਾਜੀ ਰੂਟਾਂ ‘ਤੇ 39 ਜਾਂ ਇਸ ਤੋਂ ਵੱਧ ਸਵਾਰੀਆਂ ਦੀ ਸਮਰੱਥਾ ਵਾਲੀਆਂ ਏਅਰ-ਕੰਡੀਸ਼ਨਡ ਸਟੇਜ ਕੈਰਿਜ ਬੱਸਾਂ ਸਿਰਫ਼ ਸਟੇਟ ਟਰਾਂਸਪੋਰਟ ਅੰਡਰਟੇਕਿੰਗਜ਼ ਵੱਲੋਂ ਹੀ ਹਰ ਸ਼੍ਰੇਣੀ ਵਿੱਚ ਉਨ੍ਹਾਂ ਦੇ ਸਮੁੱਚੇ ਸ਼ੇਅਰ ਵਿੱਚੋਂ ਹੀ ਚਲਾਈਆਂ ਜਾਣਗੀਆਂ।
ਕੈਬਨਿਟ ਮੰਤਰੀ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (Cabinet Minister Minister of Transport Laljit Singh Bhullar) ਨੇ ਦੋਸ਼ ਲਾਇਆ ਕਿ ਬਾਦਲ ਪਰਿਵਾਰ ਆਪਣੇ ਨਿੱਜ ਲਈ ਖ਼ਜ਼ਾਨੇ ਨੂੰ ਨਿਰੰਤਰ ਖੋਰਾ ਲਾਉਂਦਾ ਰਿਹਾ ਅਤੇ ਆਪਣੇ ਤੇ ਆਪਣੇ ਸਾਥੀਆਂ ਦੇ ਕਾਰੋਬਾਰ ਨੂੰ ਵਧਾਉਣ ਲਈ ਮਨਮਰਜ਼ੀ ਦੀਆਂ ਸਕੀਮਾਂ ਬਣਾਉਂਦਾ ਰਿਹਾ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ (Chief Minister Punjab Bhagwant Mann) ਦੀ ਅਗਵਾਈ ਵਾਲੀ ਸਰਕਾਰ, ਸਰਕਾਰੀ ਖ਼ਜ਼ਾਨੇ ਦੀ ਕੀਮਤ ‘ਤੇ ਬਾਦਲਾਂ ਦੇ ਸੌੜੇ ਹਿੱਤਾਂ ਦੀ ਪੂਰਤੀ ਨਹੀਂ ਹੋਣ ਦੇਵੇਗੀ।