Ottawa, January 11 (Punjab Today News Ca):- ਰੱਖਿਆ ਮੰਤਰੀ ਅਨੀਤਾ ਆਨੰਦ (Defense Minister Anita Anand) ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੈਨੇਡਾ ਵੱਲੋਂ ਆਖਿਰਕਾਰ ਆਪਣੇ ਉਮਰਦਰਾਜ ਹੋ ਚੁੱਕੇ ਸੀਐਫ-18 ਲੜਾਕੂ ਜਹਾਜ਼ਾਂ (CF-18 Fighter Jets) ਦੀ ਥਾਂ ਐਫ-35 ਲੜਾਕੂ ਜਹਾਜ਼ (F-35 Fighter Jet) ਖਰੀਦੇ ਜਾ ਰਹੇ ਹਨ।
ਜਿ਼ਕਰਯੋਗ ਹੈ ਕਿ ਕੈਨੇਡਾ ਨੇ 2010 ਵਿੱਚ ਐਫ-35 ਜਹਾਜ਼ ਖਰੀਦਣ ਦਾ ਐਲਾਨ ਕੀਤਾ ਸੀ ਪਰ ਸਿਆਸਤ ਤੇ ਸਰਕਾਰ ਕੁਪ੍ਰਬੰਧਾਂ ਕਾਰਨ ਉਹ ਫੈਸਲਾ ਅੱਧਵਾਟੇ ਹੀ ਰਹਿ ਗਿਆ,ਸਰਕਾਰ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ 19 ਬਿਲੀਅਨ ਡਾਲਰ ਖਰਚ ਕੇ 88 ਐਫ-35 ਲੜਾਕੂ ਜਹਾਜ਼ ਖਰੀਦੇ ਜਾਣਗੇ,ਇਸ ਦੌਰਾਨ ਪਹਿਲਾ ਜਹਾਜ਼ 2026 ਵਿੱਚ ਡਲਿਵਰ ਹੋਵੇਗਾ।
ਪਿਛਲੇ ਮਹੀਨੇ ਹਾਸਲ ਹੋਈਆਂ ਖਬਰਾਂ ਤੋਂ ਇਹ ਖੁਲਾਸਾ ਹੋਇਆ ਸੀ ਕਿ ਰੱਖਿਆ ਵਿਭਾਗ ਨੂੰ 16 ਐਫ-35 ਲੜਾਕੂ ਜਹਾਜ਼ਾਂ ਤੇ ਉਨ੍ਹਾਂ ਨਾਲ ਸਬੰਧਤ ਸਾਜ਼ੋ ਸਮਾਨ ਖਰੀਦਣ ਲਈ 7 ਬਿਲੀਅਨ ਡਾਲਰ ਖਰਚਣ ਵਾਸਤੇ ਹਰੀ ਝੰਡੀ ਮਿਲ ਗਈ ਹੈ,ਅਧਿਕਾਰੀਆਂ ਵੱਲੋਂ ਇੱਕ ਬ੍ਰੀਫਿੰਗ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਕੈਨੇਡਾ ਵੱਲੋਂ ਪੜਾਅਵਾਰ ਢੰਗ ਨਾਲ 88 ਐਫ-35 ਲੜਾਕੂ ਜਹਾਜ਼ ਖਰੀਦੇ ਜਾਣਗੇ,ਇੱਕ ਅੰਦਾਜੇ਼ ਮੁਤਾਬਕ ਕੈਨੇਡਾ ਨੂੰ ਹਰੇਕ ਐਫ-35 ਜਹਾਜ਼ ਪਿੱਛੇ 85 ਮਿਲੀਅਨ ਅਮਰੀਕੀ ਡਾਲਰ ਅਦਾ ਕਰਨੇ ਹੋਣਗੇ।