
Toronto,(Punjab Today News Ca):- ਕੈਨੇਡਾ (Canada) ‘ਚ ਜਿਥੇ ਪੰਜਾਬੀ ਆਪਣੇ ਕਾਮਯਾਬੀਆਂ ਦੇ ਝੰਡੇ ਗੱਡ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਰਹੇ ਹਨ,ਉਥੇ ਕੁਝ ਕੁ ਪੰਜਾਬੀ ਆਪਣੇ ਗਲਤ ਕੰਮਾਂ ਨਾਲ ਪੰਜਾਬ ਦਾ ਨਾਂ ਖਰਾਬ ਕਰ ਰਹੇ ਹਨ,ਅਜਿਹੀ ਹੀ ਸ਼ਰਮਸਾਰ ਕਰਨ ਵਾਲੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ,ਇਥੇ ਕਾਰਾਂ ਚੋਰੀ ਕਰਨ ਦੇ ਦੋਸ਼ ਹੇਠ 47 ਪੰਜਾਬੀਆਂ ਸਣੇ 119 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਟੋਰਾਂਟੋ ਪੁਲਿਸ (Toronto Police) ਨੇ ਸ਼ਹਿਰ ਦੇ ਪੱਛਮ ਵਿੱਚ ਆਟੋ ਚੋਰੀ ਦੀ ਚੱਲ ਰਹੀ ਜਾਂਚ ਦੇ ਸਬੰਧ ਵਿੱਚ 500 ਤੋਂ ਵੱਧ ਵਾਹਨ ਬਰਾਮਦ ਕੀਤੇ ਹਨ ਅਤੇ 119 ਲੋਕਾਂ ‘ਤੇ ਦੋਸ਼ ਲਗਾਏ ਗਏ ਹਨ।
ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਟੋਰਾਂਟੋ (Toronto) ਦੇ ਪੁਲਸ ਮੁਖੀ ਮਾਈਰਨ ਡੇਮਕੀਵ (Police Chief Myron Demkiv) ਨੇ ਕਿਹਾ ਕਿ ਫੋਰਸ ਨੇ ਸ਼ਹਿਰ ਵਿੱਚ ਵਾਹਨ ਚੋਰੀ ਦੇ ਵੱਧ ਰਹੇ ਮੁੱਦੇ ਨੂੰ ਹੱਲ ਕਰਨ ਲਈ ਨਵੰਬਰ 2022 ਵਿੱਚ ਪ੍ਰੋਜੈਕਟ ਸਟੈਲੀਅਨ ਦੀ ਸ਼ੁਰੂਆਤ ਕੀਤੀ ਸੀ,ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ 119 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ 314 ਅਪਰਾਧਿਕ ਦੋਸ਼ ਲਗਾਏ ਗਏ ਹਨ,ਉਥੇ ਹੀ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਵੀ ਸ਼ਾਮਲ ਹਨ।