ਅੰਤਰਰਾਸ਼ਟਰੀ ਡੈਸਕ:- ਮੱਧ ਅਮਰੀਕੀ ਦੇਸ਼ ਪਨਾਮਾ ਦੇ ਦੱਖਣੀ ਤੱਟਵਰਤੀ ਖੇਤਰ ਵਿੱਚ 7.6 ਤੀਬਰਤਾ ਦਾ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ (USGS) ਅਨੁਸਾਰ ਭੂਚਾਲ ਦਾ ਕੇਂਦਰ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਦੀ ਡੂੰਘਾਈ ‘ਚ ਸੀ। ਝਟਕੇ ਇੰਨੇ ਤੇਜ਼ ਸਨ ਕਿ ਰਾਜਧਾਨੀ ਪਨਾਮਾ ਸਿਟੀ ਅਤੇ ਗੁਆਂਢੀ ਦੇਸ਼ ਕੋਸਟਾ ਰੀਕਾ ਤੱਕ ਇਮਾਰਤਾਂ ਕੰਬ ਉੱਠੀਆਂ, ਜਿਸ ਤੋਂ ਬਾਅਦ ਦਹਿਸ਼ਤ ਦੇ ਮਾਹੌਲ ‘ਚ ਲੋਕ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਖੁੱਲ੍ਹੇ ਵਿੱਚ ਆ ਗਏ।
ਸੁਨਾਮੀ ਦਾ ਖ਼ਤਰਾ ਤੇ ਅਲਰਟ
ਭੂਚਾਲ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਅਤੇ ਅੰਤਰਰਾਸ਼ਟਰੀ ਏਜੰਸੀਆਂ ਵੱਲੋਂ ਤੱਟਵਰਤੀ ਇਲਾਕਿਆਂ ਲਈ ਸੁਨਾਮੀ (Tsunami) ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਪਨਾਮਾ, ਕੋਲੰਬੀਆ, ਕੋਸਟਾ ਰੀਕਾ, ਇਕੁਆਡੋਰ ਅਤੇ ਨਿਕਾਰਾਗੁਆ ਸਮੇਤ ਕਈ ਹੋਰ ਦੇਸ਼ਾਂ ਦੇ ਸਮੁੰਦਰੀ ਤੱਟਾਂ ‘ਤੇ ਉੱਚੀਆਂ ਲਹਿਰਾਂ ਉੱਠਣ ਦਾ ਖ਼ਦਸ਼ਾ ਜਤਾਇਆ ਗਿਆ ਹੈ। ਪ੍ਰਸ਼ਾਸਨ ਨੇ ਤੱਟਵਰਤੀ ਖੇਤਰਾਂ ‘ਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ।
ਰਾਹਤ ਤੇ ਬਚਾਅ ਕਾਰਜ ਸ਼ੁਰੂ
ਪਨਾਮਾ ਦੀ ਨਾਗਰਿਕ ਸੁਰੱਖਿਆ ਏਜੰਸੀ ਵੱਲੋਂ ਪ੍ਰਭਾਵਿਤ ਇਲਾਕਿਆਂ ‘ਚ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਹਾ ਹੈ।
- ਇਮਾਰਤਾਂ ਖਾਲੀ ਕਰਵਾਈਆਂ ਗਈਆਂ: ਸ਼ਹਿਰ ਦੇ ਕਈ ਹਿੱਸਿਆਂ ਵਿੱਚ ਬਹੁ-ਮੰਜ਼ਿਲਾ ਇਮਾਰਤਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।
- ਆਫ਼ਟਰਸ਼ੌਕਸ ਦੀ ਚੇਤਾਵਨੀ: ਮੁੱਖ ਝਟਕੇ ਤੋਂ ਬਾਅਦ ਵੀ ਹਲਕੇ ਆਫ਼ਟਰਸ਼ੌਕਸ (ਹੋਰ ਝਟਕੇ) ਦਰਜ ਕੀਤੇ ਗਏ ਹਨ, ਜਿਸ ਕਾਰਨ ਲੋਕਾਂ ਨੂੰ ਸਾਵਧਾਨ ਰਹਿਣ ਲਈਹਾ ਗਿਆ ਹੈ।
ਫਿਲਹਾਲ ਕਿਸੇ ਵੱਡੇ ਜਾਨੀ-ਮਾਲੀ ਨੁਕਸਾਨ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ, ਪਰ ਪ੍ਰਸ਼ਾਸਨ ਹਾਈ ਅਲਰਟ ‘ਤੇ ਹੈ ਅਤੇ ਆਫ਼ਤ ਪ੍ਰਬੰਧਨ ਟੀਮਾਂ ਸਥਿਤੀ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।



