PUNJAB TODAY NEWS CA:- ਇੱਕ ਸਾਊ ਜਿਹੇ ਮਿਹਨਤੀ ਪਰੀਵਾਰ ਤੇ ਅਚਾਨਕ ਮੁਸੀਬਤਾਂ ਦਾ ਪਹਾੜ ਟੁੱਟ ਪਿਆ।ਦੋ ਨੌਜਵਾਨ ਸਕੇ ਭਰਾਵਾਂ ਦੀਆਂ ਲਾਸ਼ਾਂ ਅੱਗੜ ਪਿੱਛੜ ਘਰ ਆ ਗਈਆਂ।ਘਰ ਵਿੱਚ ਕੁਹਰਾਮ ਮੱਚਿਆ ਹੋਇਆ ਸੀ।ਮਾਂ ਤਾਂ ਦੁਹੱਥੜਾਂ ਮਾਰਦੀ ਲਾਸ਼ਾਂ ਉੱਪਰ ਹੀ ਆ ਡਿੱਗੀ ।ਹਾਲੋਂ ਬੇਹਾਲ ਹੋਈ ਉਹ ਆਪਣੇ ਵਾਲ ਪੁੱਟ ਰਹੀ ਸੀ।ਰੋਂਦੀਆਂ ਕੁਰਲਾਉਂਦੀਆਂ ਔਰਤਾਂ ਬਥੇਰਾ ਉਸਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੀਆਂ ਸਨ ਪਰ ਉਹ ਤਾਂ ਹੱਥਾਂ ਚੋਂ ਨਿੱਕਲ ਨਿੱਕਲ ਜਾ ਰਹੀ ਸੀ।ਬਾਪੂ ਕੌਲ਼ੇ ਨਾਲ ਲੱਗਿਆ ਗੋਡਿਆਂ ਚੋਂ ਸਿਰ ਨਹੀਂ ਸੀ ਕੱਢ ਰਿਹਾ।ਇਕੱਠਾ ਹੋਇਆ ਸਾਰਾ ਪਿੰਡ ਹੀ ਧਾਹਾਂ ਮਾਰ ਰਿਹਾ ਸੀ।ਸੱਥਰ ਤੇ ਬੈਠੇ ਬੰਦਿਆਂ ਤੇ ਪੂਰੀ ਤਰ੍ਹਾਂ ਚੁੱਪ ਛਾਈ ਹੋਈ ਸੀ।ਕਿਸੇ ਨੂੰ ਕੋਈ ਗੱਲ ਹੀ ਨਹੀਂ ਸੀ ਔੜ ਰਹੀ।ਗੱਲ ਤੋਰਨ ਲਈ ਇੱਕ ਸਿਆਣੇ ਬੰਦੇ ਨੇ ਹਉਕਾ ਜਿਹਾ ਲੈ ਕੇ ਪਹਿਲ ਕੀਤੀ।“ਓ ਭਾਈ ਜਿਵੇਂ ਲਿਖਤਕਾਰ ਐ ਓਵੇਂ ਹੋਈ ਜਾਂਦੈ।ਬੰਦੇ ਦੇ ਤਾਂ ਵੱਸ ਦੀ ਗੱਲ ਈ ਨੀ ਕੋਈ”।ਗੱਲ ਸੁਣ ਕੇ ਬਹੁਤੇ ਬੰਦਿਆਂ ਨੇ ਹਾਂ ਜਿਹੀ ਵਿੱਚ ਸਿਰ ਹਿਲਾਇਆ।ਥੋਹੜੀ ਦੇਰ ਫੇਰ ਚੁੱਪ ਛਾ ਗਈ।ਪਰ ਦੀਪੇ ਨੂੰ ਅੱਚਵੀ ਜਿਹੀ ਲੱਗ ਗਈ। ਉਸ ਤੋਂ ਰਿਹਾ ਨਹੀਂ ਗਿਆ।“ਨਹੀਂ ਬਾਬਾ ਜੀ।ਅਜਿਹੀਆਂ ਗੱਲਾਂ ਨਾਲ ਅਸੀਂ ਸਬਰ ਕਰ ਲੈਨੇ ਆਂ ਤੇ ਅਸਲੀ ਕਾਰਨ ਨੂੰ ਛੱਡ ਕੇ ਸੌਖੇ ਹੀ ਖਹਿੜਾ ਛੁਡਾ ਲੈਨੇ ਆਂ”।
“ਚੱਲ ਭਾਈ ਮੈਂ ਤਾਂ ਸੋਬਤੀ ਗੱਲ ਕੀਤੀ ਸੀ।ਫੇਰ ਤੂੰ ਦੱਸ ਦੇ ਬਈ ਕਿਵੇਂ ਸਬਰ ਕਰੀਏ”?ਬਜੁਰਗ ਨੂੰ ਦੀਪੇ ਦੀ ਗੱਲ ਤੋਂ ਔਖ ਜਿਹੀ ਹੋਈ। “ ਲੈ ਤਾਂ ਫੇਰ ਸੁਣ ਲੋ ਜੇ ਸੱਚ ਈ ਸੁਣਨੈ।ਮੈਨੂੰ ਭੋਰਾ ਭੋਰਾ ਪਤੈ, ਕਿਵੇਂ ਕੀ ਹੋਇਐ।ਵੱਡਾ ਤੇਜੀ ਮੇਰਾ ਜਮਾਤੀ ਸੀ ਤੇ ਆੜੀ ਵੀ ਸੀ। ਸਾਡੇ ਸਾਰਿਆਂ ਤੋਂ ਹੁਸ਼ਿਆਰ ਤੇ ਜਮਾਤ ਦਾ ਮਨੀਟਰ ਸੀ।ਮੈਂ ਤਾਂ ਦਸਵੀਂ ਮਸਾਂ ਕੀਤੀ ਪਰ ਉਹ ਤਾਂ ਯੂਨੀਵਰਸਿਟੀ ਦੀਆਂ ਪੜ੍ਹਾਈਆਂ ਵੀ ਕਰ ਆਇਆ ਸੀ।ਸਭ ਨੂੰ ਲੱਗਦਾ ਸੀ ਕਿ ਉਹ ਤਾਂ ਹੁਣ ਬਹੁਤ ਵੱਡਾ ਅਫਸਰ ਲੱਗੂ।ਮੈਂ ਕੇਰਾਂ ਉਹਦੀ ਸਰਟੀਫੀਕੇਟਾਂ ਵਾਲੀ ਫਾਈਲ ਦੇਖੀ ਤਾਂ ਹੈਰਾਨ ਹੀ ਰਹਿ ਗਿਆ।ਕਈ ਡਿਗਰੀਆਂ, ਖੇਡਾਂ ਦੇ,ਭੰਗੜੇ ਦੇ ਸਰਟੀਫੀਕੇਟ। ਗੱਲ ਕੀ ਸਾਰੀ ਫਾਈਲ ਭਰੀ ਪਈ ਸੀ।ਬੱਸ ਇਹੀ ਫਾਈਲ ਲੈ ਕੇ ਉਹ ਨੌਕਰੀ ਲਈ ਥਾਂ ਥਾਂ ਧੱਕੇ ਖਾਂਦਾ ਰਿਹਾ ਪਰ ਹਰ ਵਾਰ ਮੂੰਹ ਲਟਕਾ ਕੇ ਮੁੜਦਾ ਰਿਹਾ।ਸਿਫਾਰਸ਼ ਤੇ ਪੈਸੇ ਦੇ ਰਾਮ ਰੌਲ਼ੇ ‘ਚ ਉਹਦੀਆਂ ਡਿਗਰੀਆਂ ਰੁਲ਼ ਗਈਆਂ।ਇੰਟਰਵਿਊ ਤੇ ਜਾਂਦਾ ਆਉਂਦਾ ਉਹ ਕਦੇ ਕਦੇ ਯੂਨੀਵਰਸਿਟੀ ਦ ਪੁਰਾਣੇ ਯਾਰਾਂ ਕੋਲ ਵੀ ਇੱਕ ਦੋ ਦਿਨ ਰਹਿ ਆਉਂਦਾ।ਕਾਲਜਾਂ,ਯੂਨੀਵਰਸਿਟੀਆਂ ‘ਚ ਅੱਜ ਕੱਲ੍ਹ ਚਿੱਟੇ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ ਨੇ।
ਬੱਸ ਏਸ ਦੌਰਾਨ ਹੀ ਉਹ ਨਿਰਾਸ਼ ਹੋਇਆ ਮੌਤ ਵਪਾਰੀਆਂ ਦੇ ਗੇੜ ਚਆ ਗਿਆ।ਫੇਰ ਤਾਂ ਚਾਰ ਪੰਜ ਮਹੀਨਿਆਂ ਵਿੱਚ ਹੀ ਗੱਲ ਸਿਰੇ ਲੱਗ ਗੀ।‘ਸਿਆਣੇ’ਤੇਜੀ ਦੀ ‘ਹੁਸ਼ਿਆਰੀ’ ਹੁਣ ਚੋਰੀਚਕਾਰੀ, ਘਰ ਦਾ ਸਮਾਨ ਵੇਚਣ, ਲੋਕਾਂ ਤੋਂ ਪੈਸੇ ਮੰਗਣ ਦੇ ਕੰਮ ਆਉਣ ਲੱਗੀ।ਮੈਂ ਵੀ ਕਈ ਵਾਰ ਸਮਝਾਇਆ। ਉਹ ਵੀ ਮਨੋਂ ਭੈੜੀ ਆਦਤ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਸੀ।ਉਹਨੇ ਬਹੁਤ ਵਾਰੀ ਮੇਰੇ ਨਾਲ ਵਾਇਦੇ ਵੀ ਕੀਤੇ ਪਰ ਨਿਭਾਅ ਨੀ ਸਕਿਆ।ਸਗੋਂ ਨਸ਼ੇ ਦੀ ਦਲਦਲ ਵਿੱਚ ਧਸਦਾ ਹੀ ਚਲਾ ਗਿਆ।ਦਲਦਲ ਕਦ ਕਿਸੇ ਨੂੰ ਨਿੱਕਲਣ ਦਿੰਦੀ ਐ?ਜੇ ਇਕ ਪੈਰ ਔਖੇ ਸੌਖੇ ਕੋਈ ਕੱਢ ਵੀ ਲਵੇ ਤਾਂ ਦੂਜਾ ਪੈਰ ਉਸਨੂੰ ਫੇਰ ਖਿੱਚ ਲੈਂਦੈ। ਬੱਸ ਇਹੀ ਹੋਇਆ ਤੇਜੀ ਨਾਲ”।ਹੌਲੀ ਹੌਲੀ ਦੂਰ ਬੈਠੇ ਕੁੱਝ ਹੋਰ ਬੰਦੇ ਵੀ ਦੀਪੀ ਦੇ ਨੇੜੇ ਹੋ ਗਏ।ਵਿੱਚੋਂ ਕਿਸੇ ਦੀ ਅਵਾਜ਼ ਆਈ, “ਚੱਲੋ ਛੱਡੋ ਯਾਰ ਇਹ ਮੌਕਾ ਨੀ ਇਹੋ ਜੀਆਂ ਗੱਲਾਂ ਕਰਨ ਦਾ”। “ਕਿਉਂ, ਮੌਕਾ ਕਿਉਂ ਨੀ? ਅੱਜ ਗੱਲ ਕਰਨੀ ਤਾਂ ਬਹੁਤ ਜਰੂਰੀ ਐ।ਅੱਜ ਈ ਤਾਂ ਮੌਕੈ।ਫੇਰ ਤਾਂ ਗੱਲ ਆਈ ਗਈ ਹੋ ਜਾਂਦੀ ਐ।
ਤੂੰ ਗੱਲ ਕਰ ਦੀਪੀ”।ਵਿੱਚੋਂ ਹੀ ਕਿਸੇ ਸਿਆਣੇ ਬੰਦੇ ਨੇ ਬੋਲਣ ਵਾਲੇ ਦੀ ਗੱਲ ਟੋਕ ਕੇ ਦੀਪੀ ਨੂੰ ਹੌਸਲਾ ਦਿੱਤਾ। “ਚਲੋ ਮੰਨਿਆ ਬਈ ਇਹ ਤਾਂ ਪੁੱਠੇ ਕੰਮਾਂ ਨੇ ਲੈ ਲਿਆ ਪਰ ਛੋਟਾ ਬੱਲੀ ਤਾਂ ਗਿੱਲੇ ਗੋਹੇ ਤੇ ਪੈਰ ਨੀ ਸੀ ਧਰਦਾ।ਉਹ ਥੋੜ੍ਹਾ ਜਿਹਾ ਢਿੱਲਾ ਹੋ ਕੇ ਹੀ ਡਾਕਟਰਾਂ ਦੇ ਹੱਥਾਂ ਚੋਂ ਈ ਚਲਾ ਗਿਆ”।ਬੱਲੀ ਦੀ ਹਮਦਰਦੀ ਵਿੱਚ ਇੱਕ ਜਣੇ ਨੇ ਗੱਲ ਕੀਤੀ। “ਲਉ ਸੁਣ ਲੋ ਫੇਰ ਉਹ ਕਿਵੇਂ ਚਲਾ ਗਿਆ,” ਦੀਪੀ ਨੇ ਗੱਲ ਫੇਰ ਸੁਰੂ ਕਰ ਲਈ।“ਨਸ਼ੇ ਦੀ ਗੁਲਾਮੀ ਬਹੁਤ ਕੁੱਝ ਕਰਵਾ ਦਿੰਦੀ ਐ।ਬੱਲੀ ਨੂੰ ਜਦੋਂ ਹਸਪਤਾਲ ਦਾਖਲ ਕਰਾਇਆ ਤਾਂ ਉਸਦੇ ਕੋਲ ਰਹਿਣ ਦੀ ਜਿੰਮੇਵਾਰੀ ਤੇਜੀ ਨੇ ਲੈ ਲਈ।ਪੜਿ੍ਹਆ ਲਿਖਿਆ ਕਰਕੇ ਘਰਦੇ ਵੀ ਸਹਿਮਤ ਹੋ ਗਏ।ਸ਼ੈਤਾਨੀ ਜੇਬ੍ਹ ਵਿੱਚ ਪੈਸੇ ਪੈ ਗਏ।ਸ਼ਰੀਰ ਵਿੱਚ ਕੱਖ ਹੈ ਨੀ ਸੀ।ਵੱਧ ਨਸ਼ਾ ਕਰਕੇ ਹਸਪਤਾਲ ਦੇ ਬਾਹਰ ਹੀ ਡਿੱਗ ਪਿਆ।ਚੁੱਕ ਕੇ ਅੰਦਰ ਲੈ ਗਏ।ਬੱਸ ਏਨੇ ਚ ਈ… ਬੱਸ ਖਤ-ਮ ਹੋ…