
PUNJAB TODAY NEWS CA:- ਪੁੰਗਰੇ ਅਨਾਜ ਤੇ ਦਾਲਾਂ ਬਾਰੇ ਸਭ ਨੂੰ ਪਤਾ ਹੈ ਕਿ ਇਹ ਪੌਸ਼ਿਟਕਤਾ ਦਾ ਭੰਡਾਰ ਹੁੰਦੇ ਹਨ। ਪੁੰਗਰੇ ਖਾਣ ਵਾਲੇ ਪਦਾਰਥਾਂ ਨੂੰ ਅੰਮ੍ਰਿਤ ਭੋਜਨ ਮੰਨਿਆ ਜਾਂਦਾ ਹੈ। ਪੁੰਗਰੇ ਖਾਣ ਵਾਲੇ ਪਦਾਰਥਾਂ ਵਿਚ ਛੇਤੀ ਪਚਣ ਵਾਲੇ ਗੁਣ ਅਤੇ ਪੌਸ਼ਿਟਕ ਗੁਣ ਕਈ ਗੁਣਾ ਜ਼ਿਆਦਾ ਹੁੰਦੇ ਹਨ। ਪੁੰਗਰੀਆਂ ਦਾਲਾਂ ਖਾਣਾ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਸੰਸਾਰ ਭਰ ‘ਚ ਖਾਣਾਪਸੰਦ ਕੀਤਾ ਜਾਂਦਾ ਹੈ। ਵਿਸ਼ਵ ਦੇ ਕਈ ਹੋਰ ਦੇਸ਼ਾਂ ਵਿਚ ਵੀ ਇਸ ਦੀ ਵਰਤੋਂ ਬਹੁਤ ਕੀਤੀ ਜਾਂਦੀ ਹੈ।
ਪੁੰਗਰੇ ਅਨਾਜਾਂ ਅਤੇ ਦਾਲਾਂ ਵਿਚ ਸਾਰੇ ਵਿਟਾਮਿਨ ਅਤੇ ਖਣਿਜ ਉਪਲਬਧ ਹੁੰਦੇ ਹਨ। ਵੱਖ-ਵੱਖ ਸਾਬਤ ਦਾਲਾਂ ਅਤੇ ਅਨਾਜਾਂ ਨੂੰ ਪੁੰਗਾਰਿਆ ਜਾ ਸਕਦਾ ਹੈ ਜਿਵੇਂ ਕਣਕ, ਮੱਕੀ, ਜੌਂ, ਬਾਜਰਾ, ਸਾਬਤ ਮੂੰਗੀ, ਲਾਲ ਸਫ਼ੈਦ ਲੋਬੀਆ, ਮੂੰਗਫਲੀ, ਮੋਠ, ਮਸਰ, ਕਾਲੇ ਛੋਲੇ ਆਦਿ। ਕਿਸ ਤਰ੍ਹਾਂ ਪੁੰਗਾਰੀਏ : ਦਾਲ ਅਤੇ ਅਨਾਜ ਨੂੰ ਚੰਗੀ ਤਰ੍ਹਾਂ ਸਾਫ਼ ਕਰੋ, ਧੋ ਕੇ ਉਸ ਨੂੰ ਤਕਰੀਬਨ 8 ਤੋਂ 12 ਘੰਟਿਆਂ ਤੱਕ ਪਾਣੀ ਵਿਚ ਭਿਉਂ ਦੇਣਾ ਚਾਹੀਦਾ ਹੈ।
ਪੰਜ-ਛੇ ਘੰਟੇ ਬਾਅਦ ਪੁਰਾਣੇ ਪਾਣੀ ਨੂੰ ਡੋਲ੍ਹ ਕੇ ਤਾਜ਼ਾ ਪਾਣੀ ਪਾਓ। ਪਾਣੀ ਕੱਢ ਕੇ ਸਾਫ ਭਾਂਡੇ ਵਿਚ ਦਾਲਾਂ ਅਤੇ ਅਨਾਜ ਨੂੰ ਪਾਓ। ਧਿਆਨ ਰੱਖੋ ਭਾਂਡੇ ਵਿਚ ਪੁੰਗਰੇ ਖਾਣ ਵਾਲੇ ਪਦਾਰਥ ਇਕ ਚੌਥਾਈ ਤੋਂ ਜ਼ਿਆਦਾ ਨਾ ਹੋਣ ਜਿਸ ਨਾਲ ਦਾਲਾਂ ਅਤੇ ਅਨਾਜ ਸਹੀ ਮਾਤਰਾ ਵਿਚ ਫੁੱਲ ਸਕਣ। ਭਾਂਡੇ ਨੂੰ ਇਸ ਤਰ੍ਹਾਂ ਦੀ ਥਾਂ ‘ਤੇ ਰੱਖੋ ਜਿਥੇ ਜ਼ਿਆਦਾ ਠੰਢ ਨਾ ਹੋਵੇ ਕਿਉਂਕਿ ਪੁੰਗਾਰ ਫੁੱਟਣ ਲਈ ਗਰਮ ਅਤੇ ਹਨੇਰੇ ਵਾਲੀ ਥਾਂ ਠੀਕ ਰਹਿੰਦੀ ਹੈ।
ਜਿਸ ਭਾਂਡੇ ਵਿਚ ਦਾਲਾਂ ਜਾਂ ਅਨਾਜ ਪੁੰਗਰਨ ਲਈ ਰੱਖੇ ਜਾਣ, ਉਸ ਨੂੰ ਪੂਰੀ ਤਰ੍ਹਾਂ ਢਕ ਕੇ ਨਾ ਰੱਖੋ। ਹਵਾ ਜਾਣ ਲਈ ਥੋੜ੍ਹਾ ਜਿਹਾ ਖੁੱਲ੍ਹਾ ਰੱਖੋ। ਜਦੋਂ ਦਾਲਾਂ ਉੱਗ ਕੇ ਉਨ੍ਹਾਂ ਵਿਚੋਂ ਸਫ਼ੈਦ ਰੇਸ਼ਾ ਬਾਹਰ ਆ ਜਾਵੇ ਤਾਂ ਉਨ੍ਹਾਂ ਨੂੰ ਤਾਜ਼ਾ ਰੱਖਣ ਲਈ ਫਰਿੱਜ ਵਿਚ ਰੱਖੋ। ਪੁੰਗਰੀਆਂ ਦਾਲਾਂ ਨੂੰ ਫਰਿੱਜ ਵਿਚ ਚਾਰ ਪੰਜ ਦਿਨ ਤੱਕ ਰੱਖਿਆ ਜਾ ਸਕਦਾ ਹੈ।ਜਦੋਂ ਜਿੰਨਾ ਖਾਣਾ ਹੋਵੇ ਓਨਾ ਹੀ ਫਰਿੱਜ ਵਿਚੋਂ ਕੱਢ ਕੇ ਵਰਤੋਂ ਵਿਚ ਲਿਆਓ।
ਸਾਵਧਾਨੀਆਂ : ਪੁੰਗਰੀਆਂ ਦਾਲਾਂ ਨੂੰ ਜ਼ਿਆਦਾ ਦੇਰ ਤੱਕ ਬਿਨਾਂ ਪਾਣੀ ਬਦਲੇ ਨਾ ਰੱਖੋ। ਇਸ ਨਾਲ ਉਨ੍ਹਾਂ ਵਿਚ ਜ਼ਿਆਦਾ ਖਮੀਰ ਪੈਦਾ ਹੋ ਜਾਵੇਗਾ ਅਤੇ ਸੁਆਦ ਬੇਸੁਆਦ ਹੋ ਜਾਵੇਗਾ। ਠੰਢੀ ਅਤੇ ਰੋਸ਼ਨੀ ਵਾਲੀ ਥਾਂ ‘ਤੇ ਪੁੰਗਰੇ ਅਨਾਜ ਠੀਕ ਤਰ੍ਹਾਂ ਨਹੀਂ ਪੁੰਗਰਦੇ। ਪੁੰਗਰੇ ਭੋਜਨ ਦੇ ਲਾਭ : ਪੁੰਗਰੀਆਂ ਦਾਲਾਂ ਤੇ ਅਨਾਜ ਵਿਚ ਵਿਟਾਮਿਨ, ਖਣਿਜ ਤੇ ਪ੍ਰੋਟੀਨ ਕਈ ਗੁਣਾ ਜ਼ਿਆਦਾ ਵਧ ਜਾਂਦੇ ਹਨ। ਪੁੰਗਰੀਆਂ ਦਾਲਾਂ ਸੌਖੀਆਂ ਹਜ਼ਮ ਹੋ ਜਾਂਦੀਆਂ ਹਨ। ਪੁੰਗਰੀਆਂ ਦਾਲਾਂ ਵਿਚ ਰੇਸ਼ਾ ਅਤੇ ਪਾਣੀ ਭਰਪੂਰ ਮਾਤਰਾ ਵਿਚ ਹੁੰਦਾ ਹੈ।
ਦਾਲਾਂ ਨੂੰ ਪੁੰਗਰਾਉਣ ਨਾਲ ਉਸ ਵਿਚ ਗੈਸ ਪੈਦਾ ਕਰਨ ਦੀ ਮਾਤਰਾ 90 ਫ਼ੀਸਦੀ ਘੱਟ ਹੋ ਜਾਂਦੀ ਹੈ। ਪੁੰਗਰੀਆਂ ਦਾਲਾਂ ਨੂੰ ਤਲ ਕੇ ਜਾਂ ਭੁੰਨ ਕੇ ਵੀ ਖਾਧਾ ਜਾ ਸਕਦਾ ਹੈ। ਇਸ ਨਾਲ ਇਨ੍ਹਾਂ ਦੇ ਜ਼ਿਆਦਾਤਰ ਪੋਸ਼ਕ ਤੱਤ ਨਸ਼ਟ ਹੋ ਜਾਂਦੇ ਹਨ। ਇਨ੍ਹਾਂ ਨੂੰ ਕੱਚਾ ਖਾਣਾ ਜ਼ਿਆਦਾ ਸਹੀ ਹੈ। ਇਸ ਦੇ ਸਵਾਦ ਨੂੰ ਵਧਾਉਣ ਲਈ ਉਸ ਵਿਚ ਥੋੜ੍ਹਾ ਜਿਹਾ ਕਾਲਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਖਾਧਾ ਜਾ ਸਕਦਾ ਹੈ। ਸਲਾਦ ਦੇ ਰੂਪ ਵਿਚ ਖੀਰਾ, ਪਿਆਜ਼, ਟਮਾਟਰ, ਨਿੰਬੂ, ਨਮਕ, ਹਰਾ ਧਨੀਆ ਮਿਲਾ ਕੇ ਪੁੰਗਰੀਆਂ ਦਾਲਾਂ ਦਾ ਜ਼ਿਆਦਾ ਮਜ਼ਾ ਲੈ ਸਕਦੇ ਹੋ।