
OTTAWA,(PUNJAB TODAY NEWS CA):- ਕੈਨੇਡਾ ਦੇ ਬੈਂਕਿੰਗ ਸਿਸਟਮ (Canada’s Banking System) ਨਾਲ ਜੁੜੇ ਨਵੇਂ ਨਿਯਮ ਪਿਛਲੇ ਮਹੀਨੇ ਪ੍ਰਭਾਵੀ ਹੋਏ ਹਨ,ਇਨ੍ਹਾਂ ਨਿਯਮਾਂ ਨੂੰ ਮਜ਼ਬੂਤ ਕੰਜਿ਼ਊਮਰ ਪ੍ਰੋਟੈਕਸ਼ਨ ਕਾਇਮ (Maintaining Consumer Protection) ਕਰਨ ਲਈ ਲਿਆਂਦਾ ਗਿਆ ਹੈ,ਪਰ ਕੁੱਝ ਜਾਣਕਾਰਾਂ ਦਾ ਕਹਿਣਾ ਹੈ,ਕਿ ਇਹ ਨਵੇਂ ਨਿਯਮ ਵੀ ਕੋਈ ਬਹੁਤੇ ਕਾਰਗਰ ਨਹੀਂ ਹਨ।
ਕਾਰਪੋਰੇਟ ਰਿਸਪਾਂਸੀਬਿਲਿਟੀ ਐਡਵੋਕੇਸੀ ਗਰੁੱਪ ਡੈਮੋਕ੍ਰੈਸੀ ਵਾਚ (Corporate Responsibility Advocacy Group Democracy Watch) ਦੇ ਡੱਫ ਕੋਨੇਚਰ (Duff Connaught) ਨੇ ਆਖਿਆ ਕਿ ਹਾਲਾਤ ਵਿੱਚ ਮਾਮੂਲੀ ਜਿਹਾ ਸੁਧਾਰ ਕਰਨ ਲਈ ਇਹ ਤਬਦੀਲੀਆਂ ਨਿੱਕੇ ਬੱਚਿਆਂ ਵੱਲੋਂ ਨਿੱਕੇ ਨਿੱਕੇ ਕਦਮ ਚੁੱਕੇ ਜਾਣ ਵਾਂਗ ਹਨ।
ਕੈਨੇਡਾ ਦੇ ਬੈਂਕ ਐਕਟ (Bank of Canada Act) ਵਿੱਚ 60 ਤੋਂ ਵੀ ਜਿ਼ਆਦਾ ਤਬਦੀਲੀਆਂ ਕੀਤੀਆਂ ਗਈਆਂ ਹਨ,ਜਿਨ੍ਹਾਂ ਵਿੱਚ ਸਿ਼ਕਾਇਤਾਂ ਦਾ ਨਬੇੜਾ ਕਰਨ ਲਈ ਨਿੱਕੇ ਉਡੀਕ ਸਮੇਂ,ਘੱਟ ਬੈਂਕ ਬੈਲੈਂਸ (Bank Balance) ਲਈ ਵਾਰਨਿੰਗ (Warning) ਦੇਣ ਵਾਲੇ ਇਲੈਕਟ੍ਰੌਨਿਕ ਐਲਰਟ (Electronic Alerts) ਤੇ ਤੁਹਾਡਾ ਕ੍ਰੈਡਿਟ ਕਾਰਡ (Credit Card) ਚੋਰੀ ਹੋਣ ਜਾਂ ਗੁਆਚਣ ਦੇ ਸਬੰਧ ਵਿੱਚ ਤੁਸੀਂ ਕਿਸ ਹੱਦ ਤੱਕ ਜਿ਼ੰਮੇਵਾਰ ਹੋਵੋਂਗੇ ਇਸ ਸਬੰਧੀ ਲਿਮਿਟ ਆਦਿ ਸ਼ਾਮਲ ਹਨ।
ਇਨ੍ਹਾਂ ਤਬਦੀਲੀਆਂ ਨੂੰ ਤਿਆਰ ਕਰਨ ਲਈ 10 ਸਾਲ ਦਾ ਸਮਾਂ ਲੱਗਿਆ ਤੇ ਭਾਵੇਂ ਫੈਡਰਲ ਸਰਕਾਰ (Federal Government) ਨੇ 2018 ਵਿੱਚ ਨਵੇਂ ਨਿਯਮ ਦੇ ਆਧੁਨਿਕੀਕਰਨ ਲਈ ਕਾਨੂੰਨ ਅਪਣਾ ਲਿਆ ਸੀ ਫਿਰ ਵੀ ਇਸ ਨੂੰ ਅਮਲ ਵਿੱਚ ਲਿਆਉਣ ਲਈ ਉਨ੍ਹਾਂ ਨੂੰ ਸਾਢੇ ਤਿੰਨ ਸਾਲ ਦਾ ਸਮਾਂ ਲੱਗਿਆ ਤੇ ਇਹ ਨਿਯਮ 30 ਜੂਨ, 2022 ਨੂੰ ਪ੍ਰਭਾਵੀ ਹੋਏ,ਕੈਨੇਡਾ ਦੇ 30 ਮਿਲੀਅਨ ਬੈਂਕਿੰਗ ਕਸਟਮਰਜ਼ (Canada’s 30 Million Banking Customers) ਦੀ ਮਦਦ ਲਈ ਇਨ੍ਹਾਂ ਨਵੀਆਂ ਤਬਦੀਲੀਆਂ ਵਿੱਚ ਗਾਹਕਾਂ ਦੀਆਂ ਸਿ਼ਕਾਇਤਾਂ ਨੂੰ 90 ਦਿਨਾਂ ਵਿੱਚ ਹੱਲ ਕਰਨ ਦੀ ਥਾਂ 56 ਦਿਨਾਂ ਵਿੱਚ ਹੱਲ ਕਰਨ ਦੀ ਤਾਕੀਦ ਕੀਤੀ ਗਈ ਹੈ।
ਬੈਂਕਾਂ ਨੂੰ ਗੁਆਚੇ ਤੇ ਚੋਰੀ ਹੋਏ ਕ੍ਰੈਡਿਟ ਕਾਰਡਜ਼ (Credit Card) ਲਈ 50 ਡਾਲਰ ਦੀ ਜਿ਼ੰਮੇਵਾਰੀ ਨਿਰਧਾਰਤ ਕਰਨ ਲਈ ਆਖਿਆ ਗਿਆ ਹੈ ਤੇ ਇਹ ਗਾਹਕਾਂ ਨੂੰ ਇਹ ਚੇਤਾਵਨੀ ਦੇਣ ਲਈ ਵੀ ਆਖਿਆ ਗਿਆ ਹੈ,ਕਿ ਜੇ ਉਹ ਓਵਰਡ੍ਰਾਫਟ (Overdraft) ਹੁੰਦੇ ਹਨ ਜਾਂ ਆਪਣੀ ਕ੍ਰੈਡਿਟ ਲਿਮਿਟ (Credit Limit) ਟੱਪਦੇ ਹਨ ਤਾਂ ਉਨ੍ਹਾਂ ਨੂੰ ਵਾਧੂ ਫੀਸ ਦੇਣੀ ਹੋਵੇਗੀ।
ਸਿ਼ਕਾਇਤਾਂ ਮਿਲਣ ਤੋਂ ਬਾਅਦ ਹੁਣ ਬੈਂਕ ਸਿਰਫ ਆਪਣੇ ਗਾਹਕਾਂ ਲਈ ਢੁਕਵੀਆਂ ਤੇ ਉਨ੍ਹਾਂ ਦੀ ਲੋੜ ਮੁਤਾਬਕ ਪ੍ਰੋਡਕਟਸ (Products) ਤੇ ਸੇਵਾਵਾਂ ਹੀ ਵੇਚ ਸਕਣਗੇ,ਇਸ ਤੋਂ ਇਲਾਵਾ ਨਵੇਂ ਨਿਯਮਾਂ ਤਹਿਤ ਬੈਂਕਾਂ ਨੂੰ ਵ੍ਹਿਸਲਬਲੋਅਰ ਪ੍ਰੋਗਰਾਮ (Whistleblower Program) ਤਿਆਰ ਕਰਨਾ ਹੋਵੇਗਾ ਜਿਸ ਤਹਿਤ ਉਨ੍ਹਾਂ ਦੇ ਆਪਣੇ ਮੁਲਾਜ਼ਮਾਂ ਨੂੰ ਇਹ ਖੁੱਲ੍ਹ ਹੋਵੇਗੀ ਕਿ ਉਹ ਸਾਹਮਣੇ ਆ ਕੇ ਅਜਿਹੀਆਂ ਸਮੱਸਿਆਵਾਂ ਦੀ ਜਾਣਕਾਰੀ ਦੇ ਸਕਣ ਜਿਹੜੀਆਂ ਬਿਨਾਂ ਗੌਲਿਆਂ ਹੀ ਲੰਘ ਜਾਂਦੀਆਂ ਹਨ।