ਵਿੰਨੀਪੈਗ ( ਸ਼ਰਮਾ, ਸੱਗੀ),(Punjab Today News Ca):- ਇਸ ਐਤਵਾਰ ਨੂੰ ਸਿੱਖ ਸੁਸਾਇਟੀ ਆਫ ਮੈਨੀਟੋਬਾ (Sikh Society of Manitoba) ਦੇ ਪ੍ਰਬੰਧਾਂ ਹੇਠ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,ਕੋਵਿਡ ਮਹਾਂਮਾਰੀ ਕਾਰਣ ਦੋ ਸਾਲ ਦੇ ਵਕਫੇ ਬਾਅਦ ਹੋਏ ਇਸ ਨਗਰ ਕੀਰਤਨ ‘ਚ ਲਗਪਗ 30 ਹਜਾਰ ਦੀ ਗਿਣਤੀ ‘ਚ ਸੰਗਤਾਂ ਨੇ ਸ਼ਮੂਲੀਅਤ ਕੀਤੀ।

ਮੈਨੀਟੋਬਾ ਲੈਜਿਸਲੇਚਰ (Manitoba Legislature) ਦੇ ਸਾਹਮਣੇ ਮੈਮੋਰੀਅਲ ਪਾਰਕ ਤੋ ਬਾਦ ਦੁਪਹਿਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ੁਰੂ ਹੋਏ ਨਗਰ ਕੀਰਤਨ ਵਿਚ ਸੰਗਤਾਂ ਨੇ ਸਤਿਨਾਮ ਵਾਹਿਗੂਰੂ ਦਾ ਜਾਪ ਕਰਦਿਆਂ ਹਾਜਰੀ ਭਰੀ,ਨਗਰ ਕੀਰਤਨ ਦੀ ਸਮਾਪਤੀ ਉਪਰੰਤ ਮੈਮੋਰੀਅਲ ਪਾਰਕ ਵਿਖੇ ਵਿਸ਼ਾਲ ਦੀਵਾਨ ਸਜਾਏ ਗਏ।

ਜਿਥੇ ਦਸਮੇਸ਼ ਸਕੂਲ ਦੇ ਬੱਚਿਆਂ ਵਲੋ ਸ਼ਬਦ ਗਾਇਨ ਉਪਰੰਤ ਢਾਡੀ ਜਥਿਆਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ,ਭਾਈ ਮੇਜਰ ਸਿੰਘ ਖਾਲਸਾ ਦੇ ਢਾਡੀ ਜਥੇ ਨੇ ਵਿਸ਼ੇਸ਼ ਹਾਜ਼ਰੀ ਭਰੀ,ਇਸ ਮੌਕੇ ਵੱਖ-ਵੱਖ ਸਿਆਸੀ ਤੇ ਸਮਾਜਿਕ ਆਗੂਆਂ ਨੇ ਸਿੱਖ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।

ਇਹਨਾਂ ਵਿਚ ਵਿਸ਼ੇਸ਼ ਰੂਪ ਵਿਚ ਸ਼ਾਮਲ ਮੇਅਰ ਲਈ ਉਮੀਦਵਾਰ ਗਲੈਨ ਮੁਰੇ, ਐਨ ਡੀ ਪੀ ਲੀਡਰ ਵੈਬ ਕੀਨਿਊ, ਐਮ ਐਲ ਏ ਦਿਲਜੀਤ ਬਰਾੜ, ਐਮ ਐਲ ਏ ਮਿੰਟੂ ਸੰਧੂ, ਕੌਂਸਲਰ ਦੇਵੀ ਸ਼ਰਮਾ ਤੇ ਹੋਰਾਂ ਨੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ,ਇਸ ਮੌਕੇ ਵੱਖ ਵੱਖ ਬਿਜਨੈਸ ਅਦਾਰਿਆਂ, ਸਿੱਖ ਸੰਸਥਾਵਾਂ ਤੇ ਸਮਾਜ ਸੇਵੀ ਸੰਸਥਾਵਾਂ ਵਲੋ ਖਾਣ ਪੀਣ ਦੇ ਸਟਾਲ ਲਗਾਏ ਗਏ।

ਜਿਹਨਾਂ ਤੋ ਸਵਾਦਿਸ਼ਟ ਖਾਣਿਆਂ ਦਾ ਸੰਗਤਾਂ ਨੇ ਭਰਪੂਰ ਆਨੰਦ ਮਾਣਿਆ,ਯੁਨਾਈਟਡ ਕਬੱਡੀ ਫੈਡਰੇਸ਼ਨ ਅਤੇ ਯੁਨਾਈਟਡ ਬ੍ਰਦਰਜ ਕਬੱਡੀ ਕਲੱਬ (United Kabaddi Federation And United Brothers Kabaddi Club) ਦੇ ਮੈਬਰਾਂ ਵਲੋ ਮੈਗੋ ਸ਼ੇਕ, ਬਰੈਡ ਪਕੋੜੇ ਤੇ ਚਨੇ ਭਠੂਰਿਆਂ ਦੇ ਵਿਸ਼ੇਸ਼ ਲੰਗਰ ਲਗਾਏ ਗਏ,ਨਗਰ ਕੀਰਤਨ ਦਾ ਪ੍ਰਾਈਮ ਏਸ਼ੀਆ ਦੀ ਟੀਮ ਵਲੋ ਲਾਈਵ ਪ੍ਰਸਾਰਣ ਕੀਤਾ ਗਿਆ।





ਤਸਵੀਰਾਂ- ਨਰੇ਼ਸ਼ ਸ਼ਰਮਾ