
ਸਾਬਕਾ ਫੈਡਰਲ ਵਿੱਤ ਮੰਤਰੀ ਬਿੱਲ ਮੌਰਨਿਊ ਨੇ 17 ਜਨਵਰੀ ਨੂੰ ਰਲੀਜ਼ ਹੋਣ ਜਾ ਰਹੀ ਆਪਣੀ ਨਵੀਂ ਕਿਤਾਬ ਵਿੱਚ ਖੁਲਾਸਾ ਕੀਤਾ ਹੈ ਕਿ ਕੋਵਿਡ-19 ਮਹਾਂਮਾਰੀ ਦੀ ਏਡ ਪਾਲਿਸੀ ਜਾਰੀ ਕਰਨ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਉੱਘੇ ਸਲਾਹਕਾਰਾਂ ਨੇ ਨੀਤੀਗਤ ਤਰਕਸ਼ੀਲਤਾ ਦੀ ਥਾਂ ਸਿਆਸੀ ਅੰਕ ਹਾਸਲ ਕਰਨ ਨੂੰ ਤਰਜੀਹ ਦਿੱਤੀ।ਮੌਰਨਿਊ ਨੇ ਆਖਿਆ ਕਿ ਇਸ ਨਾਲ ਉਨ੍ਹਾਂ ਨੂੰ ਰਬੜ ਸਟੈਂਪ ਵਰਗਾ ਮਹਿਸੂਸ ਹੋਇਆ ਤੇ ਇਸੇ ਲਈ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ।
ਇੱਕ ਇੰਟਰਵਿਊ ਵਿੱਚ ਮੌਰਨਿਊ ਨੇ ਆਖਿਆ ਕਿ ਹਾਲਾਤ ਉਨ੍ਹਾਂ ਦੇ ਕਾਬੂ ਤੋਂ ਬਾਹਰ ਹੋ ਗਏ ਸਨ ਤੇ ਇਸੇ ਲਈ ਉਨ੍ਹਾਂ ਵਿੱਤ ਮੰਤਰੀ ਤੇ ਟੋਰਾਂਟੋ ਸੈਂਟਰ ਦੇ ਐਮਪੀ ਵਜੋਂ ਅਸਤੀਫਾ ਦੇਣ ਵਿੱਚ ਹੀ ਭਲਾਈ ਸਮਝੀ। ਆਪਣੀ ਕਿਤਾਬ “ਵ੍ਹੇਅਰ ਟੂ ਫਰੌਮ ਹੇਅਰ : ਅ ਪਾਥ ਟੂ ਕੈਨੇਡੀਅਨ ਪ੍ਰੌਸਪੈਰਿਟੀ” ਵਿੱਚ ਮੌਰਨਿਊ ਨੇ ਆਖਿਆ ਕਿ ਪ੍ਰਧਾਨ ਮੰਤਰੀ ਵੱਲੋਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਨ੍ਹਾਂ ਨੂੰ ਉਸ ਉੱਤੇ ਪੂਰਾ ਯਕੀਨ ਹੈ। ਪਰ ਮੌਰਨਿਊ ਨੇ ਆਖਿਆ ਕਿ ਸੂਤਰਾਂ ਤੋਂ ਮਿਲੀਆਂ ਖਬਰਾਂ ਤੋਂ ਉਨ੍ਹਾਂ ਨੂੰ ਇਹ ਸਪਸ਼ਟ ਹੋ ਗਿਆ ਸੀ ਕਿ ਕੋਵਿਡ-19 ਸਬੰਧੀ ਆਰਥਿਕ ਮਦਦ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ ਨੂੰ ਲੈ ਕੇ ਉਨ੍ਹਾਂ ਤੇ ਟਰੂਡੋ ਦਰਮਿਆਨ ਪਾੜਾ ਵੱਧ ਚੁੱਕਿਆ ਸੀ।
ਅਸਤੀਫਾ ਦੇਣ ਵਾਲਾ ਕਦਮ ਮੌਰਨਿਊ ਵੱਲੋਂ ਫੈਡਰਲ ਸਰਕਾਰ ਦੇ ਕੋਵਿਡ-19 ਬਾਰੇ ਮਦਦ ਜਾਰੀ ਕਰਨ ਤੇ ਵੁਈ ਚੈਰਿਟੀ ਵਿਵਾਦ ਸਾਹਮਣੇ ਆਉਣ ਦੇ ਛੇ ਮਹੀਨਿਆਂ ਦੇ ਅੰਦਰ ਅੰਦਰ ਵਾਪਰਿਆ। ਇਸ ਪ੍ਰੋਗਰਾਮ ਬਾਰੇ ਮੌਰਨਿਊ ਦਾ ਮੰਨਣਾ ਹੈ ਕਿ ਲਿਬਰਲ ਸਰਕਾਰ ਨੇ ਜਿ਼ਆਦਾ ਖਰਚਾ ਕੀਤਾ।
ਇੰਟਰਵਿਊ ਵਿੱਚ ਮੌਰਨਿਊ ਨੇ ਦੱਸਿਆ ਕਿ ਜਿੰਨਾਂ ਚਿਰ ਉਹ ਆਪਣੇ ਅਹੁਦੇ ਉੱਤੇ ਰਹੇ ਓਨਾ ਚਿਰ ਉਨ੍ਹਾਂ ਵਿੱਚ ਤੇ ਪ੍ਰਧਾਨ ਮੰਤਰੀ ਦਰਮਿਆਨ ਸਿਹਤਮੰਦ ਤਣਾਅ ਬਰਕਰਾਰ ਰਿਹਾ। ਇਹ ਅਜਿਹਾ ਤਣਾਅ ਸੀ ਜਿਹੜਾ ਵਿੱਤ ਮੰਤਰੀ ਤੇ ਪ੍ਰਧਾਨ ਮੰਤਰੀ ਦਰਮਿਆਨ ਹੋਣਾ ਚਾਹੀਦਾ ਹੈ। ਪਰ ਜਿਵੇਂ ਹੀ ਮਹਾਂਮਾਰੀ ਵਾਲੇ ਪਰੈਸ਼ਰ ਕੂਕਰ ਵਿੱਚ ਉਹ ਦੋਵੇਂ ਦਾਖਲ ਹੋਏ ਇਹ ਤਣਾਅ ਬਹੁਤ ਵਧ ਗਿਆ ਤੇ ਇਸ ਨੇ ਹੋਰ ਕੋਝਾ ਰੂਪ ਲੈ ਲਿਆ।