PUNJAB TODAY NEWS CA:- ਇਸ ਤਿਉਹਾਰ ਦੀ ਪ੍ਰੰਪਰਾ ਬਹੁਤ ਪੁਰਾਣੀ ਹੈ,ਇਸ ਤਿਉਹਾਰ ਨਾਲ ਕਈ ਕਥਾਵਾਂ ਜੁੜੀਆਂ ਹੋਈਆਂ ਹਨ,ਇਸ ਤਿਉਹਾਰ ਨਾਲ ਇਕ ਲੋਕ-ਕਥਾ ਸਬੰਧਤ ਹੈ ਕਿ ਇਸ ਦਿਨ ਡਾਕੂ ਦੁੱਲੇ ਭੱਟੀ ਨੇ ਇਕ ਗ਼ਰੀਬ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੰਦਰੀ ਦਾ ਵਿਆਹ ਅਪਣੇ ਹੱਥੀਂ ਕਰਵਾ ਕੇ ਘਰ ਭੇਜਿਆ,ਉਨ੍ਹਾਂ ਨੂੰ ਦੁਸ਼ਟ ਹਾਕਮ ਦੀ ਚੁੰਗਲ ਤੋਂ ਆਜ਼ਾਦ ਕਰਵਾਉਣ ਵਾਲੀ ਘਟਨਾ ਦੀ ਯਾਦ ’ਚ ਇਹ ਤਿਉਹਾਰ ਅੱਗ ਬਾਲ ਕੇ ਮਨਾਇਆ ਜਾਣ ਲੱਗਾ,ਕਈ ਲੋਕਾਂ ਦਾ ਮੰਨਣਾ ਹੈ ਕਿ ਇਸ ਤਿਉਹਾਰ ਦਾ ਸਬੰਧ ਇਕ ਪੁਰਾਤਨ ਕਥਾ ਸਤੀ-ਦਹਿਨ ਨਾਲ ਵੀ ਹੈ।
ਕਈ ਕਹਿੰਦੇ ਹਨ ਕਿ ਇਸ ਦਿਨ ਲੋਹੜੀ ਦੇਵੀ ਨੇ ਅਤਿਆਚਾਰੀ ਰਾਕਸ਼ ਨੂੰ ਮਾਰਿਆ ਸੀ,ਇਸ ਤਰ੍ਹਾਂ ਇਸ ਤਿਉਹਾਰ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ,ਲੋਹੜੀ ਸ਼ਬਦ ਦਾ ਮੂਲ ਤਿਲ ਅਤੇ ਰੋੜੀ ਤੋਂ ਬਣਿਆ ਹੈ ਜੋ ਸਮਾਂ ਪਾ ਕੇ ਤਿਲੋੜੀ ਤੇ ਫਿਰ ਲੋਹੜੀ ਬਣਿਆ,ਇਸ ਤਿਉਹਾਰ ਦਾ ਸਬੰਧ ਸਰਦੀ ਰੁੱਤ ਨਾਲ ਵੀ ਹੈ,ਰਦੀ ਦੀ ਰੁੱਤ ਪੂਰੇ ਜ਼ੋਰਾਂ ’ਤੇ ਹੁੰਦੀ ਹੈ,ਕਈ ਲੋਕ ਇਸ ਤਿਉਹਾਰ ਦਾ ਸਬੰਧ ਠੰਢੇ ਪਏ ਸੂਰਜ ਨੂੰ ਗਰਮੀ ਦੇਣ ਨਾਲ ਵੀ ਜੋੜ ਕੇ ਦੇਖਦੇ ਹਨ।
ਲੋਹੜੀ ਦੀ ਰਾਤ ਸਰੋਂ੍ਹ ਦਾ ਸਾਗ ਅਤੇ ਗੰਨੇ ਦੇ ਰਸ (ਰੌਅ) ਦੀ ਖੀਰ ਬਣਾ ਕੇ ਰੱਖੀ ਜਾਂਦੀ ਹੈ,ਕਈ ਲੋਕ ਖਿਚੜੀ ਵੀ ਬਣਾਉਂਦੇ ਹਨ ਜਿਸ ਨੂੰ ਲੋਕ ਅਗਲੇ ਦਿਨ ਮਾਘੀ ਦੀ ਸਵੇਰ ਨੂੰ ਖਾਂਦੇ ਹਨ,ਇਸ ਬਾਰੇ ਇਹ ਤੁਕ ਪ੍ਰਚਲਤ ਹੈ “ਪੋਹ ਰਿੱਧਾ ਮਾਘ ਖਾਧਾ’,ਭਾਵ ਪੋਹ ਦੇ ਮਹੀਨੇ ਵਿਚ ਪਕਾਇਆ ਹੋਇਆ ਮਾਘ ਦੇ ਮਹੀਨੇ ਵਿਚ ਖਾਧਾ ਜਾਂਦਾ ਹੈ।
ਲੋਹੜੀ ਦੀ ਰਾਤ ਨੂੰ ਵੈਸੇ ਤਾਂ ਹਰ ਘਰ ’ਚ ਪਾਥੀਆਂ ਬਾਲ ਕੇ, ਧੂਣੀ ਬਾਲ ਕੇ ਸ਼ਗਨ ਕੀਤਾ ਜਾਂਦਾ ਹੈ ਪਰ ਜਿਨ੍ਹਾਂ ਘਰਾਂ ਵਿਚ ਨਵੇਂ ਜੰਮੇ ਲੜਕੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ, ਉਨ੍ਹਾਂ ਘਰਾਂ ਵਿਚ ਰਿਸ਼ਤੇਦਾਰ ਅਤੇ ਦੋਸਤਾਂ ਮਿੱਤਰਾਂ ਨੂੰ ਬੁਲਾ ਕੇ ਵੱਡੀ ਧੂਣੀ ਬਾਲੀ ਜਾਂਦੀ ਹੈ,ਉਸ ਦੇ ਆਲੇ-ਦੁਆਲੇ ਸੱਤ ਚੱਕਰ ਲਗਾਉਂਦੇ ਹੋਏ ਤਿਲ, ਖਿੱਲਾਂ ਅਤੇ ਚਿਰਵੜੇ ਪਾ ਕੇ ਗੀਤ ਗਾਉਂਦੇ ਹਨ :
“ਇੱਛਰ ਆ ਦਲਿੱਦਰ ਜਾ,
ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ’’
ਢੋਲ ਉੱਤੇ ਭੰਗੜੇ ਅਤੇ ਗਿੱਧੇ ਪਾਏ ਜਾਂਦੇ ਹਨ, ਜਸ਼ਨ ਮਨਾਏ ਜਾਂਦੇ ਹਨ,ਇਸ ਤਰ੍ਹਾਂ ਲੋਹੜੀ ਦਾ ਤਿਉਹਾਰ ਨਵਾਂ ਸਾਲ ਚੜ੍ਹਦੇ ਹੀ ਢੇਰ ਸਾਰੀਆਂ ਖ਼ੁਸ਼ੀਆਂ ਲੈ ਕੇ ਆਉਂਦਾ ਹੈ। ਲੋਕਾਂ ’ਚ ਨਵਾਂ ਉਤਸ਼ਾਹ ਅਤੇ ਜੋਸ਼ ਪੈਦਾ ਕਰਦਾ ਹੈ,ਇਹ ਤਿਉਹਾਰ ਸਰਦੀ ਦੇ ਜਾਣ ਦਾ ਵੀ ਪ੍ਰਤੀਕ ਹੁੰਦਾ ਹੈ,ਅੱਜਕਲ ਲੋਕ ਧੀਆਂ ਅਤੇ ਪੁੱਤਰਾਂ ’ਚ ਕੋਈ ਫ਼ਰਕ ਨਹੀਂ ਸਮਝਦੇ,ਇਸ ਲਈ ਧੀਆਂ ਦੀਆਂ ਲੋਹੜੀਆਂ ਵੀ ਇਸੇ ਤਰ੍ਹਾਂ ਮਨਾਈਆਂ ਜਾਣ ਲੱਗ ਪਈਆਂ ਹਨ,ਕਈ ਲੋਕ ਪਤੰਗ ਚੜ੍ਹਾਉਣ ਦੀ ਪ੍ਰਥਾ ਨੂੰ ਵੀ ਲੋਹੜੀ ਨਾਲ ਜੋੜਦੇ ਹਨ ਪਰੰਤੂ ਇਹ ਪ੍ਰਥਾ ਬਸੰਤ ਦੇ ਤਿਉਹਾਰ ਨਾਲ ਸਬੰਧਤ ਹੈ।
ਲੋਹੜੀ ਤੋਂ ਦਸ ਕੁ ਦਿਨ ਪਹਿਲਾਂ ਛੋਟੇ ਛੋਟੇ ਬੱਚੇ ਟੋਲੀਆਂ ਬਣਾ ਕੇ ਘਰ ਘਰ ਜਾ ਕੇ ਲੋਹੜੀ ਮੰਗਦੇ ਹਨ ਤੇ ਲੋਹੜੀ ਨਾਲ ਜੁੜੇ ਗੀਤ ਗਾਉਂਦੇ ਹਨ ਜਿਵੇਂ :-
ਦੇਹ ਮਾਈ ਲੋਹੜੀ, ਜੀਵੇ ਤੇਰੀ ਜੋੜੀ।
ਦੇਹ ਗੁੜ ਦੀ ਰੋੜੀ, ਤੇਰਾ ਮੁੰਡਾ ਚੜਿ੍ਹਆ ਘੋੜੀ
ਸਾਡੇ ਪੈਰਾਂ ਹੇਠ ਰੋੜ, ਸਾਨੂੰ ਛੇਤੀ ਛੇਤੀ ਟੋਰ।
ਸਾਡੇ ਪੈਰਾਂ ਹੇਠ ਸਲਾਈਆਂ,
ਅਸੀਂ ਕਿਹੜੇ ਵੇਲੇ ਦੀਆਂ ਆਈਆਂ।
ਜਦ ਕੋਈ ਘਰ ਵਾਲਾ ਲੋਹੜੀ ਨਹੀਂ ਦਿੰਦਾ ਤਾਂ ਕਹਿੰਦੇ ਹਨ :
‘ਹੁੱਕਾ ਬਈ ਹੁੱਕਾ ਇਹ ਘਰ ਭੁੱਖਾ’