Ottawa, January 14 (Punjab Today News Ca):- ਆਉਣ ਵਾਲੇ ਸਾਲਾਂ ਵਿੱਚ ਕੈਨੇਡਾ ਵੱਲੋਂ ਆਪਣੇ ਇਮੀਗ੍ਰੇਸ਼ਨ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ,ਉਸ ਤੋਂ ਕਈ ਨੀਤੀ ਮਾਹਿਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਇਸ ਨਾਲ ਹੈਲਥ ਕੇਅਰ,ਹਾਊਸਿੰਗ ਤੇ ਲੇਬਰ ਮਾਰਕਿਟ (Labor Market) ਉੱਤੇ ਕੀ ਅਸਰ ਪਵੇਗਾ,ਪਰ ਇਮੀਗ੍ਰੇਸ਼ਨ ਮੰਤਰੀ ਸ਼ਾਨ ਫਰੇਜ਼ਰ ਦਾ ਕਹਿਣਾ ਹੈ ਕਿ ਕੈਨੇਡਾ ਨੂੰ ਲੇਬਰ ਦੀ ਘਾਟ ਨੂੰ ਪੂਰਾ ਕਰਨ ਤੇ ਜਨਸੰਖਿਆ ਸਬੰਧੀ ਤਬਦੀਲੀਆਂ, ਜਿਹੜੀਆਂ ਦੇਸ਼ ਦੇ ਭਵਿੱਖ ਲਈ ਚੁਣੌਤੀ ਬਣੀਆਂ ਹੋਈਆਂ ਹਨ, ਲਈ ਵਧੇਰੇ ਨਿਊਕਮਰਜ਼ ਦੀ ਲੋੜ ਹੈ।
ਇੱਕ ਇੰਟਰਵਿਊ ਵਿੱਚ ਫਰੇਜ਼ਰ ਨੇ ਆਖਿਆ ਕਿ ਸਾਨੂੰ ਹੋਰ ਇਮੀਗ੍ਰੈਂਟਸ ਨੂੰ ਸੱਦਣਾ ਹੀ ਹੋਵੇਗਾ ਨਹੀਂ ਤਾਂ ਉਮਰਦਰਾਜ਼ ਹੋ ਰਹੀ ਸਾਡੀ ਆਬਾਦੀ ਕਾਰਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੱਡਾ ਨੁਕਸਾਨ ਸਹਿਣਾ ਹੋਵੇਗਾ,ਨਵੰਬਰ ਵਿੱਚ ਫੈਡਰਲ ਲਿਬਰਲ ਸਰਕਾਰ ਨੇ ਨਵੇਂ ਇਮੀਗ੍ਰੇਸ਼ਨ ਪਲੈਨ ਦਾ ਐਲਾਨ ਕੀਤਾ ਸੀ ਜਿਸ ਤਹਿਤ 2025 ਤੱਕ ਕੈਨੇਡਾ ਨੂੰ 500,000 ਇਮੀਗ੍ਰੈਂਟਸ ਹਰ ਸਾਲ ਸੱਦਣ ਦਾ ਟੀਚਾ ਮਿਥਿਆ ਗਿਆ ਸੀ,ਜਿ਼ਕਰਯੋਗ ਹੈ ਕਿ 2022 ਵਿੱਚ 431,645 ਲੋਕ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟਸ ਬਣੇ।
ਸਰਕਾਰ ਦੀ ਇਸ ਸੋਚ ਬਾਰੇ ਕੁੱਝ ਅੰਕੜੇ ਵੀ ਜਿੰ਼ਮੇਵਾਰ ਹਨ,ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਦੀ ਜਨਮ ਦਰ 2020 ਵਿੱਚ ਪ੍ਰਤੀ ਮਹਿਲਾ 1·4 ਬੱਚਿਆਂ ਤੱਕ ਪਹੁੰਚ ਗਈ,ਇਹ ਇਮੀਗ੍ਰੇਸ਼ਨ ਤੋਂ ਬਿਨਾਂ ਆਬਾਦੀ ਨੂੰ ਮੇਨਟੇਨ ਕਰਨ ਲਈ ਲੋੜੀਂਦੀ 2·1 ਦੀ ਦਰ ਤੋਂ ਵੀ ਹੇਠਾਂ ਹੈ,ਪਰ ਮਾਹਿਰਾਂ ਦੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਜੇ ਐਨੇ ਇਮੀਗ੍ਰੈਂਟਸ ਆਉਂਦੇ ਹਨ ਤਾਂ ਉਸ ਨਾਲ ਰਹਿਣ ਲਈ ਘਰ,ਹੈਲਥ ਕੇਅਰ ਆਦਿ ਦਾ ਕੀ ਬਣੇਗਾ।