
Ottawa, January 19 (Punjab Today News Ca):- ਐਨਡੀਪੀ ਆਗੂ ਜਗਮੀਤ ਸਿੰਘ (NDP leader Jagmeet Singh) ਦਾ ਕਹਿਣਾ ਹੈ ਕਿ ਜਸਟਿਨ ਟਰੂਡੋ (Justin Trudeau) ਵੱਲੋਂ ਵਰਕਿੰਗ ਕਲਾਸ ਖਿਲਾਫ ਜੰਗ ਵਿੱਢੀ ਜਾ ਰਹੀ ਹੈ ਪਰ ਉਹ ਅਜਿਹਾ ਨਹੀਂ ਹੋਣ ਦੇਣਗੇ,ਲਿਬਰਲ ਪਾਰਟੀ (Liberal Party) ਨਾਲ ਹੋਏ ਉਨ੍ਹਾਂ ਦੇ ਸਮਝੌਤੇ ਦਾ ਲਾਹਾ ਲੈ ਕੇ ਉਹ ਵਰਕਿੰਗ ਲੋਕਾਂ ਦੀ ਹਿਫਾਜ਼ਤ ਕਰਨਗੇ,ਬੁੱਧਵਾਰ ਨੂੰ ਆਪਣੇ ਕਾਕਸ ਨੂੰ ਸੰਬੋਧਨ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਅੱਜ ਕੈਨੇਡੀਅਨਜ਼ ਨੂੰ ਆਪਣੀ ਰੋਜ਼ਮਰਾ ਦੀ ਜਿ਼ੰਦਗੀ ਵਿੱਚ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਹੈ।
ਉਨ੍ਹਾਂ ਆਖਿਆ ਕਿ ਅੱਜ ਕੈਨੇਡੀਅਨ ਪਰਿਵਾਰ ਜਿਸ ਤਰ੍ਹਾਂ ਦੀ ਜੱਦੋ ਜਹਿਦ ਵਿੱਚੋਂ ਨਿਕਲ ਰਹੇ ਹਨ ਉਸ ਤੋਂ ਟਰੂਡੋ ਅਣਜਾਣ ਬਣੇ ਹੋਏ ਹਨ,ਇਸ ਸਮੇਂ ਮਹਿੰਗਾਈ ਸਾਰੇ ਹੱਦਾਂ ਬੰਨੇ ਟੱਪ ਚੁੱਕੀ ਹੈ, ਗ੍ਰੌਸਰੀ ਦੀਆਂ ਕੀਮਤਾਂ ਆਸਮਾਨੀ ਛੂਹ ਰਹੀਆਂ ਹਨ ਤੇ ਹੈਲਥ ਕੇਅਰ ਸਾਰਿਆਂ ਨੂੰ ਨਹੀਂ ਮਿਲ ਰਹੀ,ਉਨ੍ਹਾਂ ਆਖਿਆ ਕਿ ਹੱਦ ਇਸ ਗੱਲ ਦੀ ਹੈ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਜ਼ੁਕਾਮ ਦੀ ਦਵਾਈ ਤੱਕ ਨਹੀਂ ਲੱਭ ਰਹੀ,ਇਸ ਸਮੇਂ ਇੰਜ ਲੱਗ ਰਿਹਾ ਹੈ ਜਿਵੇਂ ਵਰਕਰਜ਼ ਨਾਲ ਸਰਕਾਰ ਦੀ ਜੰਗ ਚੱਲ ਰਹੀ ਹੋਵੇ।
ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਪਾਰਟੀ ਦੀਆਂ ਰਵਾਇਤੀ ਕਦਰਾਂ ਕੀਮਤਾਂ ਦੀ ਗੱਲ ਕਰਦਿਆਂ ਯੂਨੀਅਨਾਂ ਨੂੰ ਹੋਰ ਮਜ਼ਬੂਤ ਕਰਨ ਤੇ ਪਬਲਿਕ ਹੈਲਥ ਕੇਅਰ ਦੀ ਹਿਫਾਜ਼ਤ ਕਰਨ ਦਾ ਤਹੱਈਆ ਵੀ ਲਿਆ,ਉਨ੍ਹਾਂ ਆਖਿਆ ਕਿ ਵਰਕਰਜ਼ ਦੇਸ਼ ਦੀ ਰੀੜ੍ਹ ਦੀ ਹੱਢੀ ਹੁੰਦੇ ਹਨ ਤੇ ਉਹ ਸਨਮਾਨ ਦੇ ਹੱਕਦਾਰ ਹਨ,ਜੇ ਤੁਸੀਂ ਇਸ ਦੇਸ਼ ਵਿੱਚ ਕੰਮ ਕਰਦੇ ਹੋ ਤਾਂ ਤੁਹਾਨੂੰ ਭੁੱਖਿਆਂ ਨਹੀਂ ਰਹਿਣਾ ਚਾਹੀਦਾ,ਉਨ੍ਹਾਂ ਜਸਟਿਨ ਟਰੂਡੋ (Justin Trudeau) ਉੱਤੇ ਇਹ ਦੋਸ਼ ਵੀ ਲਾਇਆ ਕਿ ਉਹ ਦੇਸ਼ ਦੇ ਕੁੱਝ ਕੁ ਪ੍ਰੀਮੀਅਰਜ਼ ਨੂੰ ਮੈਡੀਕੇਅਰ ਸਿਸਟਮ ਨਾਲ ਛੇੜਛਾੜ ਕਰਨ ਦੀ ਖੁੱਲ੍ਹ ਦੇ ਰਹੇ ਹਨ।
ਜਿਸ ਨਾਲ ਪ੍ਰਾਈਵੇਟ ਪੱਧਰ ਉੱਤੇ ਹੈਲਥ ਕੇਅਰ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਸ਼ਹਿ ਮਿਲੇਗੀ,ਉਨ੍ਹਾਂ ਫੈਡਰਲ ਸਰਕਾਰ ਤੋਂ ਹੈਲਥ ਕੇਅਰ ਦੇ ਖੇਤਰ ਵਿੱਚ ਨਿਜੀਕਰਣ ਉੱਤੇ ਪਾਬੰਦੀ ਲਾਉਣ ਦੀ ਮੰਗ ਵੀ ਕੀਤੀ,ਇਸ ਮਹੀਨੇ ਦੇ ਅੰਤ ਵਿੱਚ ਪਾਰਲੀਆਮੈਂਟ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਐਨਡੀਪੀ ਕਾਕਸ ਵੱਲੋਂ ਤਿੰਨ ਦਿਨਾਂ ਲਈ ਮੁਲਾਕਾਤ ਕੀਤੀ ਜਾ ਰਹੀ ਹੈ,ਜਗਮੀਤ ਸਿੰਘ ਦੇ ਇਸ 30 ਮਿੰਟਾਂ ਦੇ ਭਾਸ਼ਣ ਮਗਰੋਂ ਐਨਡੀਪੀ ਕਾਕਸ ਵੱਲੋਂ ਉਨ੍ਹਾਂ ਨੂੰ ਸਟੈਂਡਿੰਗ ਓਵੇਸ਼ਨ ਦਿੱਤੀ ਗਈ।