
Peshawar,(Punjab Today News Ca):- ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ (Khyber Pakhtunkhwa Province) ਦੇ ਕਾਰਜਕਾਰੀ ਮੰਡਲ ਨੇ ਸ਼ੁੱਕਰਵਾਰ ਨੂੰ ਆਪਣੀ ਪਹਿਲੀ ਬੈਠਕ ‘ਚ ਸੂਬੇ ‘ਚ ਹਿੰਦੂਆਂ ਅਤੇ ਸਿੱਖਾਂ ਲਈ ਸ਼ਮਸ਼ਾਨਘਾਟ ਬਣਾਉਣ ਲਈ ਔਕਾਫ਼ ਵਿਭਾਗ ਨੂੰ ਕਰੀਬ ਦੋ ਏਕੜ ਸਰਕਾਰੀ ਜ਼ਮੀਨ ਤਬਦੀਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ,ਕਾਰਜਕਾਰੀ ਮੁੱਖ ਮੰਤਰੀ ਮੁਹੰਮਦ ਆਜ਼ਮ ਖਾਨ (Chief Minister Mohammad Azam Khan) ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ,ਕਾਰਜਕਾਰੀ ਮੰਤਰੀ ਮੰਡਲ ਨੇ ਪੇਸ਼ਾਵਰ ਅਤੇ ਨੌਸ਼ਹਿਰਾ ਜ਼ਿਲ੍ਹਿਆਂ (Peshawar And Nowshera Districts) ਵਿੱਚ ਹਿੰਦੂ ਅਤੇ ਸਿੱਖ ਭਾਈਚਾਰਿਆਂ ਲਈ ਇੱਕ-ਇੱਕ ਸ਼ਮਸ਼ਾਨਘਾਟ ਅਤੇ ਕੋਹਾਟ ਜ਼ਿਲ੍ਹੇ ਵਿੱਚ ਇੱਕ ਇਸਾਈ ਕਬਰਿਸਤਾਨ ਲਈ ਔਕਾਫ਼ ਵਿਭਾਗ ਅੱਧੇ ਏਕੜ ਤੋਂ ਥੋੜ੍ਹੀ ਘੱਟ ਜ਼ਮੀਨ ਦੇ ਤਬਾਦਲੇ ਨੂੰ ਮਨਜ਼ੂਰੀ ਦਿੱਤੀ।
ਕਾਰਜਕਾਰੀ ਮੰਤਰੀ ਮੰਡਲ ਨੇ ਦੋ ਏਕੜ ਸਰਕਾਰੀ ਜ਼ਮੀਨ ਘੱਟ ਗਿਣਤੀ ਭਾਈਚਾਰਿਆਂ ਨੂੰ ਤਬਦੀਲ ਕਰਨ ਦੀ ਮਨਜ਼ੂਰੀ ਦਿੱਤੀ ਹੈ,ਭਾਈਚਾਰਿਆਂ ਨੇ ਚਿਰੋਕੀ ਮੰਗ ਨੂੰ ਪੂਰਾ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ,ਹਿੰਦੂ ਭਾਈਚਾਰੇ ਦੇ ਨੇਤਾ ਹਾਰੂਨ ਸਰਬ ਦਿਆਲ ਨੇ ਘੱਟ ਗਿਣਤੀਆਂ ਦੇ ਮੁੱਖ ਮੁੱਦੇ ਨੂੰ ਹੱਲ ਕਰਨ ਲਈ ਕੈਬਨਿਟ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ,ਪਰ ਬਸਤੀਆਂ ਨੇੜੇ ਅੰਤਿਮ ਸਸਕਾਰ ਵਿੱਚ ਆਉਂਦੀਆਂ ਮੁਸ਼ਕਿਲਾਂ ਦਾ ਹਵਾਲਾ ਦਿੰਦੇ ਹੋਏ ਸਰਕਾਰ ਨੂੰ ਜਲ ਸਰੋਤਾਂ ਦੇ ਨੇੜੇ ਅਤੇ ਸਥਾਨਕ ਆਬਾਦੀ ਤੋਂ ਦੂਰ ਇਲਾਕਿਆਂ ‘ਚ ਜ਼ਮੀਨ ਅਲਾਟ ਕਰਨ ਦੀ ਬੇਨਤੀ ਕੀਤੀ,ਹਿੰਦੂ ਅਤੇ ਸਿੱਖ ਭਾਈਚਾਰਿਆਂ ਨੂੰ ਆਪਣੇ ਭਾਈਚਾਰੇ ਦੇ ਮੈਂਬਰਾਂ ਦੇ ਅੰਤਿਮ ਸਸਕਾਰ ਕਰਨ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ,ਇੱਥੋਂ ਤੱਕ ਕਿ ਅੰਤਿਮ ਸਸਕਾਰ ਲਈ ਉਨ੍ਹਾਂ ਨੂੰ ਪੇਸ਼ਾਵਰ (Peshawar) ਤੋਂ ਲਗਭਗ 100 ਕਿਲੋਮੀਟਰ ਦੂਰ ਅਟਕ ਜ਼ਿਲ੍ਹੇ ਵਿੱਚ ਵੀ ਜਾਣਾ ਪੈਂਦਾ ਹੈ।