Bahamas, February 17 (Punjab Today News Ca):- ਪ੍ਰਧਾਨ ਮੰਤਰੀ ਜਸਟਿਨ ਟਰੂਡੋ (Prime Minister Justin Trudeau) ਵੱਲੋਂ ਵੀਰਵਾਰ ਨੂੰ ਬਹਾਮਾਜ਼ ਵਿੱਚ ਹਾਇਤੀ ਲਈ ਨਵੀਂ ਮਦਦ ਦਾ ਐਲਾਨ ਕੀਤਾ ਗਿਆ,ਇਸ ਦੇ ਨਾਲ ਹੀ ਸਰਵੇਲੈਂਸ ਲਈ ਨੇਵੀ ਦੇ ਬੇੜੇ ਤਾਇਨਾਤ ਕਰਨ ਦਾ ਵਾਅਦਾ ਵੀ ਕੀਤਾ ਗਿਆ,ਪਰ ਟਰੂਡੋ ਨੇ ਆਪਣੇ ਹਮਰੁਤਬਾ ਅਧਿਕਾਰੀ ਵੱਲੋਂ ਫੌਜੀ ਕਾਰਵਾਈ ਦੀ ਕੀਤੀ ਜਾ ਰਹੀ ਮੰਗ ਨੂੰ ਨਹੀਂ ਮੰਨਿਆ,ਜਿ਼ਕਰਯੋਗ ਹੈ ਕਿ ਕੁੱਝ ਮਾਹਿਰਾਂ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵਿਦੇਸ਼ੀ ਦਖ਼ਲ ਉੱਤੇ ਨਕੇਲ ਕੱਸਣ ਦੀ ਸਲਾਹ ਦਿੱਤੀ ਗਈ ਸੀ।
ਵੀਰਵਾਰ ਨੂੰ 20 ਕੈਰੇਬੀਆਈ ਕਮਿਊਨਿਟੀ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਕੈਨੇਡਾ ਸੰਕਟ ਨਾਲ ਝੰਬੇ ਇਸ ਦੇਸ਼ ਲਈ ਕੈਨੇਡਾ ਵੱਲੋਂ 12·3 ਮਿਲੀਅਨ ਡਾਲਰ ਦੀ ਮਨੁੱਖਤਾਵਾਦੀ ਮਦਦ ਦਿੱਤੀ ਜਾਵੇਗੀ,ਇਸ ਤੋਂ ਇਲਾਵਾ ਇਸ ਰੀਜਨ ਵਿੱਚ ਮਾਈਗ੍ਰੈਂਟਸ ਦੀ ਮਦਦ ਕਰਨ ਲਈ ਮਾਈਗ੍ਰੇਸ਼ਨ (Migration) ਸਬੰਧੀ ਇੰਟਰਨੈਸ਼ਨਲ ਆਫਿਸ 10 ਮਿਲੀਅਨ ਡਾਲਰ ਦੀ ਮਦਦ ਵੱਖਰੀ ਦੇਵੇਗਾ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ਆਖਿਆ ਕਿ ਅਸੀਂ ਹਾਇਤੀ ਦੇ ਲੋਕਾਂ ਦੀਆਂ ਤਕਲੀਫਾਂ ਨੂੰ ਕੁੱਝ ਹੱਦ ਤੱਕ ਘੱਟ ਕਰਨ ਲਈ ਇਸ ਤਰ੍ਹਾਂ ਦੀ ਮਦਦ ਦੇ ਸਕਦੇ ਹਾਂ ਪਰ ਉਨ੍ਹਾਂ ਨੂੰ ਆਪਣੇ ਭਵਿੱਖ ਨੂੰ ਸੰਵਾਰਨ ਲਈ ਆਪ ਕੰਮ ਕਰਨਾ ਹੋਵੇਗਾ,ਉਨ੍ਹਾਂ ਆਖਿਆ ਕਿ ਅਗਲੇ ਕੁੱਝ ਹਫਤਿਆਂ ਵਿੱਚ ਰੌਇਲ ਕੈਨੇਡੀਅਨ ਨੇਵੀ (Royal Canadian Navy) ਦੇ ਕੁੱਝ ਬੇੜੇ ਖੁਫੀਆ ਜਾਣਕਾਰੀ ਹਾਸਲ ਕਰਨ ਲਈ ਹਾਇਤੀ ਦੇ ਤੱਟ ਉੱਤੇ ਤਾਇਨਾਤ ਕਰ ਦਿੱਤੇ ਜਾਣਗੇ।