Vancouver,(Punjab Today News Ca):- ਕੈਨੇਡਾ ਦੇ ਵਿੱਚ ਕੋਸਟ ਮਾਉਂਟੇਨ ਬੱਸ ਡਰਾਈਵਰ ਮਨਦੀਪ ਕੌਰ ਸਿੱਧੂ (Coast Mountain Bus Driver Mandeep Kaur Sidhu) ਨੂੰ ਲਾਪਰਵਾਹੀ ਦੇ ਨਾਲ ਡਰਾਈਵਿੰਗ ਕਰਨ ਦੇ ਕਾਰਨ ਵਾਪਰੇ ਹਾਦਸੇ ਲਈ 1,500 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ,ਜ਼ਿਕਰਯੋਗ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਸਹਿ-ਕਰਮਚਾਰੀ 2 ਬੱਸਾਂ ਦੇ ਵਿਚਕਾਰ ਫਸ ਗਿਆ ਸੀ ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ ਸੀ,ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਮਨਦੀਪ ਕੌਰ ਸਿੱਧੂ ਨੂੰ ਵੈਨਕੂਵਰ (Vancouver) ਦੀ ਪ੍ਰੋਵਿੰਸ਼ੀਅਲ ਅਦਾਲਤ ਦੇ ਵਿੱਚ ਅਣਗਹਿਲੀ ਵਰਤਣ ਅਤੇ ਬਿਨਾਂ ਧਿਆਨ ਦੇ ਡਰਾਈਵਿੰਗ ਕਰਨ ਦੇ ਲਈ ਸਜ਼ਾ ਸੁਣਾਈ ਗਈ ਹੈ।
ਮਨਦੀਪ ਕੌਰ ਸਿੱਧੂ ‘ਤੇ ਅਗਸਤ 2022 ਦੇ ਵਿੱਚ ਇਹ ਇਲਜ਼ਾਮ ਲਗਾਇਆ ਗਿਆ ਸੀ ਅਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਉਸ ਨੂੰ ਦੋਸ਼ੀ ਮੰਨਿਆ ਗਿਆ ਸੀ,ਇਹ ਦੋਸ਼ ਅਤੇ ਸਜ਼ਾ 27 ਸਤੰਬਰ 2021 ਵਿੱਚ ਡਾਊਨਟਾਊਨ ਵੈਨਕੂਵਰ (Downtown Vancouver) ਵਿੱਚ ਵਾਪਰੀ ਘਟਨਾ ਲਈ ਦੇ ਲਈ ਸੁਣਾਈ ਗਈ ਹੈ ਜਿਸ ਵਿੱਚ ਸਾਥੀ ਬੱਸ ਡਰਾਈਵਰ ਚਰਨਜੀਤ ਪਰਹਾਰ ਦੀ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ 27 ਸਤੰਬਰ 2021 ਨੂੰ ਸਵੇਰੇ 8:15 ਵਜੇ ਦੇ ਕਰੀਬ ਮਨਦੀਪ ਕੌਰ ਸਿੱਧੂ ਇਕ ਬੱਸ ਸਟਾਪ ‘ਤੇ ਦੂਜੀ ਬੱਸ ਦੇ ਠੀਕ ਪਿੱਛੇ ਰੁਕੀ, ਜਿਸ ਦੀਆਂ ਸਾਰੀਆਂ ਲਾਈਟਾਂ ਚੱਲ ਰਹੀਆਂ ਸਨ,ਇਸ ਤੋਂ ਬਾਅਦ ਪਰਹਾਰ ਮਨਦੀਪ ਕੌਰ ਸਿੱਧੂ ਦੀ ਬੱਸ ਵੱਲ ਗਏ ਅਤੇ ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਬੱਸ ਵਿੱਚ ਕੋਈ ਮਕੈਨੀਕਲ ਸਮੱਸਿਆ ਸੀ,ਫਿਰ ਅਚਾਨਕ ਮਨਦੀਪ ਕੌਰ ਸਿੱਧੂ ਦੀ ਬੱਸ ਨੇ ਪਰਹਾਰ ਅਤੇ ਉਨ੍ਹਾਂ ਦੀ ਬੱਸ ਨੂੰ ਟੱਕਰ ਮਾਰ ਦਿੱਤੀ,ਹਾਲਾਂਕਿ ਮਨਦੀਪ ਕੌਰ ਸਿੱਧੂ ਨੇ ਗਵਾਹੀ ਦਿੱਤੀ ਸੀ ਕਿ ਉਸ ਨੂੰ ਯਕੀਨ ਸੀ ਕਿ ਉਸ ਦਾ ਪੈਰ ਬ੍ਰੇਕ ਪੈਡਲ ‘ਤੇ ਸੀ।
ਪਰ 2 ਬੱਸਾਂ ਵਿਚਕਾਰ ਫਸਣ ਕਾਰਨ ਪਰਹਾਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ,ਇਸ ਮਾਮਲੇ ਦੇ ਵਿੱਚ ਜੱਜ ਨੇ ਨੋਟ ਕੀਤਾ ਕਿ ਸਿੱਧੂ ਇੱਕ ਸਿੰਗਲ ਮਦਰ ਹੈ ਜੋ 2007 ਤੋਂ ਸਕੂਲੀ ਬੱਸਾਂ ਚਲਾ ਰਹੀ ਸੀ,ਉਸ ਨੂੰ ਨਵੰਬਰ 2020 ਵਿੱਚ ਕੋਸਟ ਮਾਉਂਟੇਨ ਵੱਲੋਂ ਕੰਮ ‘ਤੇ ਰੱਖਿਆ ਗਿਆ ਸੀ ਅਤੇ ਉਸ ਨੇ ਡੇਢ ਮਹੀਨੇ ਦੀ ਸਿਖਲਾਈ ਵੀ ਲਈ ਸੀ,ਮਨਦੀਪ ਕੌਰ ਸਿੱਧੂ ਨੇ ਅਦਾਲਤ ‘ਚ ਪਰਹਾਰ ਦੇ ਪਰਿਵਾਰ ਤੋਂ ਮੁਆਫੀ ਵੀ ਮੰਗੀ।