ਬੈਂਕ ਆਫ ਕੈਨੇਡਾ ਵੱਲੋਂ ਵਿਆਜ਼ ਦਰਾਂ ਵਿੱਚ ਲਗਾਤਾਰ ਕੀਤੇ ਗਏ ਵਾਧੇ ਤੋਂ ਇੱਕ ਸਾਲ ਬਾਅਦ ਅਰਥਸ਼ਾਸਤਰੀਆਂ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਸੈਂਟਰਲ ਬੈਂਕ ਅਗਲੇ ਐਲਾਨ ਵਿੱਚ ਵਿਆਜ਼ ਦਰਾਂ ਵਿੱਚ ਵਾਧਾ ਨਹੀਂ ਕਰੇਗਾ।
ਸੀਆਈਬੀਸੀ ਦੇ ਐਗਜ਼ੈਕਟਿਵ ਡਾਇਰੈਕਟਰ ਆਫ ਇਕਨੌਮਿਕਸ ਕੈਰੀਨ ਚਾਰਬੌਨਿਊ ਨੇ ਆਖਿਆ ਕਿ ਅਗਲੇ ਹਫਤੇ ਬੈਂਕ ਵੱਲੋਂ ਆਪਣੀਆਂ ਵਿਆਜ਼ ਦਰਾਂ ਬਾਰੇ ਫੈਸਲਾ ਲਿਆ ਜਾਣਾ ਹੈ ਤੇ ਉਮੀਦ ਹੈ ਕਿ ਬੈਂਕ ਇਨ੍ਹਾਂ ਦਰਾਂ ਵਿੱਚ ਇਸ ਵਾਰੀ ਵਾਧਾ ਨਹੀਂ ਕਰੇਗਾ।ਤਾਜ਼ਾ ਇਕਨੌਮਿਕ ਡਾਟਾ ਤੋਂ ਸਾਹਮਣੇ ਆਇਆ ਹੈ ਕਿ ਮਹਿੰਗਾਈ ਦੀ ਰਫਤਾਰ ਕੁੱਝ ਮੱਠੀ ਪੈ ਰਹੀ ਹੈ।ਜਿ਼ਕਰਯੋਗ ਹੈ ਕਿ ਪਿਛਲੇ ਮਾਰਚ ਤੋਂ ਸੈਂਟਰਲ ਬੈਂਕ ਨੇ ਆਪਣੀਆਂ ਵਿਆਜ਼ ਦਰਾਂ ਵਿੱਚ ਜ਼ੀਰੋ ਤੋਂ ਸ਼ੁਰੂ ਕਰਕੇ 4·5 ਫੀ ਸਦੀ ਦਾ ਵਾਧਾ ਕੀਤਾ ਹੈ। ਇਹ ਸਾਲਾ 2007 ਤੋਂ ਲੈ ਕੇ ਸੱਭ ਤੋਂ ਵੱਧ ਹੈ।
ਜਨਵਰੀ ਵਿੱਚ ਅੱਠਵੀਂ ਵਾਰੀ ਵਿਆਜ਼ ਦਰਾਂ ਵਿੱਚ ਵਾਧਾ ਐਲਾਨਣ ਤੋਂ ਬਾਅਦ ਬੈਂਕ ਆਫ ਕੈਨੇਡਾ ਨੇ ਆਖਿਆ ਸੀ ਕਿ ਉਹ ਅਰਥਚਾਰੇ ਨੂੰ ਸੈਟਲ ਕਰਨ ਦੀ ਮੋਹਲਤ ਦੇਣ ਵਾਸਤੇ ਇਨ੍ਹਾਂ ਵਿਆਜ਼ ਦਰਾਂ ਵਿੱਚ ਵਾਧੇ ਉੱਤੇ ਥੋੜ੍ਹੀ ਦੇਰ ਲਈ ਰੋਕ ਲਾਵੇਗਾ। ਸੈਂਟਰਲ ਬੈਂਕ ਵੱਲੋਂ ਵਿਆਜ਼ ਦਰਾਂ ਵਿੱਚ ਅਗਲਾ ਫੈਸਲਾ ਬੁੱਧਵਾਰ ਨੂੰ ਐਲਾਨਿਆ ਜਾਵੇਗਾ।