
Toronto, March 10 (Punjab Today News Ca):- ਇੱਕ ਕੋਕੀਨ ਡੀਲਰ ਦੇ ਮਾਮਲੇ ਵਿੱਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਜੱਜ ਨੇ ਇਹ ਪਾਇਆ ਕਿ ਟੋਰਾਂਟੋ ਪੁਲਿਸ (Toronto Police) ਵੱਲੋਂ ਇਸ ਡੀਲਰ ਦੇ ਵੈਸਟਨ ਰੋਡ ਸਥਿਤ ਅਪਾਰਟਮੈਂਟ ਵਿੱਚੋਂ ਬਰਾਮਦ ਕੀਤੀ ਨਕਦੀ ਵਿੱਚੋਂ 6,000 ਡਾਲਰ ਟੋਰਾਂਟੋ ਪੁਲਿਸ ਵੱਲੋਂ ਹੀ ਚੋਰੀ ਕਰ ਲਿਆ ਗਿਆ ਹੈ।
ਬੁੱਧਵਾਰ ਨੂੰ ਜਾਰੀ ਕੀਤੀ ਗਈ ਰਲੀਜ਼ ਵਿੱਚ ਜੱਜ ਐਂਡਰਸ ਸ਼ਰੈਕ ਨੇ ਆਖਿਆ ਕਿ ਉਹ ਇਸ ਗੱਲ ਨੂੰ ਲੈ ਕੇ ਹੈਰਾਨ ਹਨ ਕਿ ਜਾਂਚ ਕਰ ਰਹੇ ਇੱਕ ਜਾਂ ਵਧੇਰੇ ਪੁਲਿਸ ਅਧਿਕਾਰੀਆਂ ਵੱਲੋਂ ਹੀ ਪੈਸਾ ਚੋਰੀ ਕਰ ਲਿਆ ਗਿਆ,ਇਸ ਦੌਰਾਨ ਬੁੱਧਵਾਰ ਨੂੰ ਡਿਫੈਂਸ ਲਾਇਰ ਕਿੰਮ ਸ਼ੋਅਫੀਲਡ ਨੇ ਆਖਿਆ ਕਿ ਇਸ ਮਾਮਲੇ ਵਿੱਚ ਸਿਰਫ ਨਿਆਂ ਪ੍ਰਬੰਧ ਨੇ ਹੀ ਉਸ ਤਰ੍ਹਾਂ ਕੰਮ ਕੀਤਾ ਹੈ ਜਿਸ ਤਰ੍ਹਾਂ ਉਸ ਨੂੰ ਕਰਨਾ ਚਾਹੀਦਾ ਸੀ ਕਿਉਂਕਿ ਬਾਕੀ ਕੁੱਝ ਤਾਂ ਕੰਮ ਨਹੀਂ ਕਰ ਸਕਿਆ।
ਜਿ਼ਕਰਯੋਗ ਹੈ ਕਿ ਟੋਰਾਂਟੋ ਪੁਲਿਸ (Toronto Police) ਦੇ ਅਧਿਕਾਰੀਆਂ ਵੱਲੋਂ 6 ਫਰਵਰੀ, 2019 ਨੂੰ ਐਂਡਰੀਊ ਰੋਚਾ ਦੇ ਅਪਾਰਟਮੈਂਟ ਵਿੱਚ ਛਾਪਾ ਮਾਰਿਆ ਗਿਆ,ਇੱਥੋਂ ਉਨ੍ਹਾਂ ਨੂੰ 19,390 ਡਾਲਰ ਦੀ ਨਕਦੀ ਤੇ ਅੱਧਾ ਕਿੱਲੋਂ ਕੋਕੀਨ ਬਰਾਮਦ ਹੋਈ,ਬਾਅਦ ਵਿੱਚ ਰੋਚਾ ਨੇ ਆਖਿਆ ਕਿ ਉਸ ਦੀ ਰਿਹਾਇਸ਼ ਵਿੱਚ ਮਾਰੇ ਗਏ ਛਾਪੇ ਤੋਂ ਲੈ ਕੇ ਰਕਮ ਨੂੰ ਪੁਲਿਸ ਸਟੇਸ਼ਨ ਲਿਜਾਏ ਜਾਣ ਦਰਮਿਆਨ 6000 ਡਾਲਰ ਦੀ ਨਕਦੀ ਦਾ ਕੋਈ ਅਤਾ ਪਤਾ ਨਹੀਂ ਲੱਗ ਰਿਹਾ,ਸ਼ੋਫੀਲਡ ਨੇ ਆਖਿਆ ਕਿ ਪੁਲਿਸ ਅਧਿਕਾਰੀਆਂ ਵੱਲੋਂ ਰੋਚਾ ਦੇ ਘਰ ਵਿੱਚ ਜਿਸ ਨਕਦੀ ਨਾਲ ਤਸਵੀਰਾਂ ਲਈਆਂ ਗਈਆਂ ਸਨ ਉਨ੍ਹਾਂ ਦੀ ਮਾਤਰਾ ਜਿ਼ਆਦਾ ਸੀ ਪਰ ਜਿਹੜੇ ਬੰਡਲ ਪੁਲਿਸ ਸਟੇਸ਼ਨ ਪਹੁੰਚੇ ਉਹ ਮੁਕਾਬਲਤਨ ਘੱਟ ਸਨ।
ਇਸ ਲਈ ਅਜਿਹਾ ਕਰਕੇ ਪੁਲਿਸ ਅਧਿਕਾਰੀ ਆਪ ਹੀ ਫਸ ਗਏ,ਜੱਜ ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਕਿੰਨੀ ਰਕਮ ਲਾਪਤਾ ਹੈ,ਪਰ ਉਨ੍ਹਾਂ ਇਹ ਜ਼ਰੂਰ ਸਵੀਕਾਰ ਕੀਤਾ ਕਿ ਫੋਟੋਆਂ ਦੇ ਤੁਲਨਾਤਮਕ ਅਧਿਐਨ ਤੋਂ ਬਾਅਦ 6000 ਡਾਲਰ ਦੇ ਨੇੜੇ ਤੇੜੇ ਲਾਪਤਾ ਹੈ,ਸ਼ੋਫੀਲਡ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਟੋਰਾਂਟੋ ਦੀ ਪੁਲਿਸ ਪੋ੍ਰਫੈਸ਼ਨਲ ਸਟੈਂਡਰਡਜ਼ ਯੂਨਿਟ (Police Professional Standards Unit) ਨਾਲ ਸੰਪਰਕ ਕਰਨ ਵਰਗਾ ਅਹਿਮ ਕਦਮ ਚੁੱਕਿਆ ਜਾ ਰਿਹਾ ਹੈ।