
Ottawa, March 13 (Punjab Today News Ca):- ਇਸ ਸਮੇਂ ਅਰਥਚਾਰੇ ਦੀ ਮਾੜੀ ਹੋ ਚੁੱਕੀ ਹਾਲਤ ਦਾ ਭਾਂਡਾ ਲਿਬਰਲਾਂ ਸਿਰ ਭੰਨ੍ਹਦਿਆਂ ਐਤਵਾਰ ਨੂੰ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਆਖਿਆ ਕਿ ਆਉਣ ਵਾਲੇ ਫੈਡਰਲ ਬਜਟ ਵਿੱਚ ਟੈਕਸਾਂ ਵਿੱਚ ਕਟੌਤੀ ਕੀਤੀ ਜਾਣੀ ਚਾਹੀਦੀ ਹੈ, ਖਰਚਿਆਂ ਉੱਤੇ ਰੋਕ ਲੱਗਣੀ ਚਾਹੀਦੀ ਹੈ ਤੇ ਨਵੇਂ ਘਰ ਬਣਾਉਣਾ ਸੱਭ ਦੀ ਪਹੁੰਚ ਵਿੱਚ ਹੋਣਾ ਚਾਹੀਦਾ ਹੈ,28 ਮਾਰਚ ਨੂੰ ਪਾਰਲੀਆਮੈਂਟ ਵਿੱਚ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪਹਿਲਾਂ ਪੌਲੀਏਵਰ ਨੇ ਬਜਟ ਸਬੰਧੀ ਆਪਣੀ ਪਾਰਟੀ ਦੀਆਂ ਤਰਜੀਹਾਂ ਬਾਰੇ ਜਾਣਕਾਰੀ ਦਿੱਤੀ।
ਟੋਰੀ ਆਗੂ ਨੇ ਦੋਸ਼ ਲਾਇਆ ਕਿ ਮਹਿੰਗਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਰਨ ਹੀ ਵਧੀ ਹੈ ਤੇ ਉਨ੍ਹਾਂ ਕਰਕੇ ਹੀ ਕੈਨੇਡੀਅਨ ਅੱਜ ਆਪਣੀਆਂ ਰੋਜ਼ਮਰਾ ਦੀਆਂ ਲੋੜਾਂ ਪੂਰੀਆਂ ਕਰਨ ਤੇ ਆਪਣੇ ਪਰਿਵਾਰਾਂ ਲਈ ਘਰ ਬਣਾਉਣ ਤੋਂ ਅਸਮਰੱਥ ਹਨ,ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਬੈਂਕ ਆਫ ਕੈਨੇਡਾ ਵੱਲੋਂ ਵਧਾਈਆਂ ਗਈਆਂ ਵਿਆਜ਼ ਦਰਾਂ ਸਦਕਾ ਅਰਥਚਾਰੇ ਦੀ ਰਫਤਾਰ ਮੱਠੀ ਪੈਣ ਤੇ ਗਲੋਬਲ ਰੁਝਾਣ ਕਾਰਨ ਮੰਦਵਾੜੇ ਦਾ ਖਤਰਾ ਪੈਦਾ ਹੋਣ ਕਾਰਨ ਪੌਲੀਏਵਰ ਵੱਲੋਂ ਇਹ ਨੁਕਤਾਚੀਨੀ ਕੀਤੀ ਗਈ।
ਇਸ ਦੌਰਾਨ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ (Finance Minister Chrystia Freeland) ਨੇ ਆਖਿਆ ਕਿ ਸਰਕਾਰ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਹਰ ਸੰਭਵ ਕੋਸਿ਼ਸ਼ ਕਰ ਰਹੀ ਹੈ,ਇਸ ਦੇ ਮੱਦੇਨਜ਼ਰ ਬਜਟ ਵਿੱਚ ਗ੍ਰੀਨ ਅਰਥਚਾਰੇ ਤੇ ਕਲੀਨ ਤਕਨਾਲੋਜੀ ਦੇ ਮਾਮਲੇ ਵਿੱਚ ਅਮਰੀਕਾ ਨਾਲ ਮੁਕਾਬਲਾ ਕਰਨ ਲਈ ਵੀ ਵਿਸ਼ੇਸ਼ ਰਣਨੀਤੀ ਉਲੀਕੀ ਗਈ ਹੈ,ਉਨ੍ਹਾਂ ਦੱਸਿਆ ਕਿ ਹੈਲਥ ਕੇਅਰ ਵਿੱਚ ਸੁਧਾਰ ਲਈ ਹੋਰ ਖਰਚੇ ਵਾਸਤੇ ਕਈ ਬਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ ਤੇ ਇਹ ਪ੍ਰੋਵਿੰਸਾਂ ਨਾਲ ਹੋਣ ਵਾਲੀਆਂ ਦੁਵੱਲੀਆਂ ਡੀਲਜ਼ ਰਾਹੀਂ ਕੀਤੇ ਜਾਣਗੇ।