
Amritsar, 31 March 2023,(Punjab Today News Ca):- ਮੋਹਾਲੀ ਨਿਵਾਸੀ ਬੀਬੀ ਪ੍ਰੀਤਮ ਕੌਰ ਰਿਹਾਇਸ਼ ਤੇ ਅੱਧੀ ਰਾਤ ਜਾ ਕੇ ਉਨ੍ਹਾਂ ਦੀਆਂ ਬੇਟੀਆਂ ਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੀਤੀ ਰਾਤ ਬੀਬੀ ਪ੍ਰੀਤਮ ਕੌਰ ਦੇ ਘਰ ਪੁਲੀਸ ਵੱਲੋਂ ਕੰਧਾਂ ਟੱਪ ਕੇ ਜਬਰੀ ਦਾਖਲ ਹੋਣਾ ਮਾਨਵੀ ਸਰੋਕਾਰਾਂ ਦੇ ਬਿਲਕੁਲ ਵਿਰੁੱਧ ਹੈ,ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਸੂਬੇ ਅੰਦਰ ਧੀਆਂ ਭੈਣਾਂ ਨੂੰ ਜਲੀਲ ਕਰਨ `ਤੇ ਉਤਰ ਆਈ ਹੈ,ਉਨ੍ਹਾਂ ਸਵਾਲ ਕੀਤਾ ਕਿ ਕੀ ਇਹੀ ਬਦਲਾਅ ਸੀ?
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਜੇਕਰ ਕੋਈ ਪੁੱਛਗਿੱਛ ਕਰਨੀ ਸੀ ਤਾਂ ਇਸ ਲਈ ਦਿਨ ਸਮੇਂ ਜਾਣਾ ਚਾਹੀਦਾ ਸੀ,ਰਾਤ ਸਮੇਂ ਇਕੱਲੀਆਂ ਔਰਤਾਂ ਨੂੰ ਤੰਗ ਕਰਨਾ ਕਿਸੇ ਵੀ ਤਰ੍ਹਾਂ ਜਾਇਜ ਨਹੀਂ,ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਦੱਸਣ ਅਨੁਸਾਰ ਸਿਵਲ ਕੱਪੜਿਆਂ ਵਿਚ ਪੁਲੀਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ(Sri Guru Granth Sahib Ji) ਵਾਲੇ ਕਮਰੇ ਵਿਚ ਵੜ ਕੇ ਗੁਰਬਾਣੀ ਦੀਆਂ ਪਾਵਨ ਪੋਥੀਆਂ ਵਾਲੀ ਅਲਮਾਰੀ ਦੀ ਵੀ ਛਾਣਬੀਣ ਕੀਤੀ, ਜੋ ਘੋਰ ਅਵੱਗਿਆ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਪੰਜਾਬ ਦੀ ਧਰਤੀ ਤੋਂ ਔਰਤ ਦੇ ਸਤਿਕਾਰ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਦੀ ਸਰਕਾਰ ਔਰਤਾਂ ਨੂੰ ਜਲੀਲ ਕਰ ਰਹੀ ਹੈ,ਉਨ੍ਹਾਂ ਕਿਹਾ ਕਿ ਬਿਨਾ ਸਰਚ ਵਰੰਟ ਦੇ ਰਾਤ ਸਮੇਂ ਇਕੱਲੀਆਂ ਰਹਿ ਰਹੀਆਂ ਔਰਤਾਂ ਦੇ ਘਰ ਜਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ,ਜੋ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਕਾਰਜ ਨਿਯਮਾਂ ਦੇ ਬਿਲਕੁਲ ਵਿਰੁੱਧ ਹੈ,ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ. ਭਗਵੰਤ ਸਿੰਘ ਮਾਨ ਨੂੰ ਇਸ ਵਰਤਾਰੇ ਨੂੰ ਤੁਰੰਤ ਰੋਕਣ ਤੇ ਪੰਜਾਬੀਆਂ ਪਾਸੋਂ ਮੁਆਫ਼ੀ ਮੰਗਣ ਲਈ ਕਿਹਾ।