ਵਿੰਨੀਪੈਗ(ਕਮਲੇਸ ਸਰਮਾਂ) ਐਨ ਡੀ ਪੀ ਨੇ ਮਹਿਲਾ ਵੋਟਰਾਂ ਨੂੰ ਲੁਭਾਉਣ ਦੇ ਮੱਦੇਨਜ਼ਰ ਇੱਕ ਦਿਲਚਸਪ ਵਾਅਦਾ ਕੀਤਾ ਹੈ। ਐਤਵਾਰ ਨੂੰ ਪਾਰਟੀ ਨੇ ਐਲਾਨ ਕੀਤਾ ਕਿ ਜੇਕਰ ਆਗਾਮੀ ਸੂਬਾਈ ਚੋਣਾਂ ਵਿਚ ਐਨ ਡੀ ਪੀ ਸੱਤਾ ਵਿਚ ਆਉਣ ਲਈ ਕਾਮਯਾਬ ਹੋ ਜਾਂਦੀ ਹੈ ਤਾਂ ਉਹ Prescriptions ਭਾਵ ਨੁਸਖੇ ਵਾਲੀਆਂ ਗਰਭ ਨਿਰੋਧਕ ਦਵਾਈਆਂ ਲਈ ਯੂਨੀਵਰਸਲ ਕਵਰੇਜ ਪ੍ਰਦਾਨ ਕਰੇਗੀ। ਗੌਰਤਲਬ ਹੈ ਕਿ ਪਾਰਟੀ ਦਾ ਇਹ ਐਲਾਨ ਚੋਣ ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਸਿਹਤ ਸੰਭਾਲ ਸਬੰਧੀ ਚੋਣ ਪ੍ਰਤੀਬੱਧਤਾ ਦਾ ਪਹਿਲਾ ਐਲਾਨ ਹੈ। ਐਨ ਡੀ ਪੀ ਨੇ ਇਹ ਐਲਾਨ ਪਾਰਟੀ ਦੇ ਸੂਬਾਈ ਪ੍ਰਧਾਨ ਵਾਵ ਕਨਿਊ ਅਤੇ ਹੋਰ ਵਿਧਾਇਕਾਂ ਤੇ ਕਮਿਊਨਿਟੀ ਵਲੰਟੀਅਰਾਂ ਦੀ ਮੌਜੂਦਗੀ ਵਿਚ ਕੀਤਾ। ਐਨ ਡੀ ਪੀ ਦੀ ਮਹਿਲਾ ਸਟੇਟਸ ਦੀ ਆਲੋਚਕ ਨਾਹਨੀ ਫੋਂਟੇਨ ਨੇ ਕਿਹਾ ਕਿ ਨੁਸਖੇ ਵਾਲੀ ਗਰਭ ਨਿਰੋਧਕ ਦਵਾਈ ਇੱਕ ਅਧਿਕਾਰ ਹੈ ਨਾ ਕਿ ਇੱਕ ਲਗਜ਼ਰੀ। ਕਦੇ ਵੀ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਪੈਸਾ ਤੁਹਾਡੇ ਸਰੀਰ ਦੇ ਅਧਿਕਾਰ ਅਤੇ ਤੁਹਾਡੇ ਬੱਚੇ ਪੈਦਾ ਕਰਨ ਵਾਲੇ ਫੈਸਲਿਆਂ ਤੇ ਨਿਯੰਤਰਣ ਕਰਨ ਲਈ ਰੁਕਾਵਟ ਬਣੇ। ਉਸ ਨੇ ਕਿਹਾ ਕਿ ਐਨ ਡੀ ਪੀ ਸਰਕਾਰ ਸਿਹਤ
ਸੰਭਾਲ ਵਿਚ Gender-Equality ਭਾਵ ਲਿੰਗ ਸਮਾਨਤਾ ਦਾ ਸਮਰਥਨ ਕਰੇਗੀ। ਮੈਨੀਟੋਬਾ ਐਨ ਡੀ ਪੀ ਨੇ ਕਿਹਾ ਕਿ NDP ਦੀ ਯੋਜਨਾ ਦੇ ਤਹਿਤ, ਸੂਬਾਈ ਸਰਕਾਰ ਅੋਰਲ ਗਰਭ ਨਿਰੋਧਕ ਦਵਾਈ, ਕਾਪਰ ਅਤੇ ਹਾਰਮੋਨਲ ਇੰਟਰਾਯੂਟਰਾਈਨ ਡਿਵਾਈਸ (IUD), ਹਾਰਮੋਨਲ ਟੀਕੇ ਅਤੇ ਸਵੇਰ ਤੋਂ ਬਾਅਦ ਦੀ ਗੋਲੀ ਸਮੇਤ ਦਰਜਨਾਂ ਆਮ ਤੌਰ ‘ਤੇ ਵਰਤੇ ਜਾਣ ਵਾਲੀਆਂ ਜਨਮ ਨਿਯੰਤਰਣ ਵਿਧੀਆਂ ਦੀ ਪੂਰੀ ਲਾਗਤ ਨੂੰ ਕਵਰ ਕਰੇਗੀ। ਮੈਨੀਟੋਬਨ ਜਿੰਨਾ ਕੋਲ ਸਿਹਤ ਬੀਮਾ ਨਹੀਂ ਹੈ ਜਾਂ ਆਸ਼ਿੰਕ ਤੌਰ ‘ਤੇ ਕਵਰੇਜ ਹੈ ਉਸ ਨਾਲ ਇੱਕ IUD ਦੀ ਕੀਮਤ 380 ਡਾਲਰ ਤੱਕ ਹੋ ਸਕਦੀ ਹੈ ਅਤੇ ਜਨਮ ਨਿਯੰਤਰਣ ਵਾਲੀਆਂ ਗੋਲੀਆਂ ਇੱਕ ਵਿਅਕਤੀ ਲਈ 240 ਡਾਲਰ ਪ੍ਰਤੀ ਸਾਲ ਦਾ ਖਰਚਾ ਹੋ ਸਕਦੀਆਂ ਹਨ। ਮੈਨੀਟੋਬਾ ਹੈਲਥ ਕਾਰਡ ਗਰਭਰ ਨਿਰੋਧਕ ਪ੍ਰਕਿਰਿਆਵਾਂ ਜਿਵੇਂ ਕਿ ਨਸਬੰਦੀ ਨੂੰ ਕਵਰ ਕਰਦੀਆਂ ਹਨ।