ਵਿੰਨੀਪੈਗ ਰੀਜਨਲ ਰੀਅਲ ਅਸਟੇਟ ਬੋਰਡ ਪ੍ਰੈਜ਼ੀਡੈਂਟ ਸਾਲਾਨਾ ਸਮਾਰੋਹ ਤਿੰਨ ਮਾਰਚ ਸ਼ੁਕਰਵਾਰ ਵਾਲੇ ਦਿਨ ਵਿੰਨੀਪੈਗ ਕਨਵੈਨਸ਼ਨ ਸੈਂਟਰ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਹ ਫੰਕਸ਼ਨ ਪੂਰੇ ਸਾਲ ਦੇ ਸੇਲਜ਼ ਇਨਾਮ ਜੇਤੂਆਂ ਨੂੰ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ। ਵਿੰਨੀਪੈਗ ਬੋਰਡ ਦੇ ਮੈਂਬਰਾਂ ਦੀ ਗਿਣਤੀ ਤਕਰੀਬਨ 2400 ਦੇ ਕਰੀਬ ਹੈ। ਇਸ ਪ੍ਰੋਗਰਾਮ ਵਿਚ 300 ਤੋਂ ਵੱਧ ਰੀਅਲਟਰਜ਼ ਨੇ ਸ਼ਿਰਕਤ ਕੀਤੀ, ਜਿਹਨਾਂ ਵਿਚ 15-20 ਭਾਰਤੀ ਮੂਲ ਦੇ ਰੀਅਲਟਰਜ਼ ਵੀ ਸ਼ਾਮਲ ਹੋਏ।
ਸਮੂਹ ਪੰਜਾਬੀ ਭਾਈਚਾਰੇ ਲਈ ਬੜੇ ਮਾਣ ਦੀ ਗੱਲ ਹੈ ਕਿ 1903 ਵਿਚ ਸਥਾਪਤ ਇਸ ਬੋਰਡ ਦੇ 120 ਸਾਲਾਂ ਦੇ ਇਤਿਹਾਸ ਵਿਚ ਪਹਿਲਾਂ ਪੰਜਾਬੀ ਮੂਲ ਦਾ ਪ੍ਰੈਜ਼ੀਡੈਂਟ ਅਕਾਸ਼ ਬੇਦੀ ਬਣਿਆ ਹੈ। ਅਕਾਸ਼ ਬੇਦੀ ਭਾਵੇਂ ਕੈਨੇਡਾ ਦਾ ਜੰਮਪਲ ਹੈ ਪਰ ਉਹ ਪੰਜਾਬੀ ਕਲਚਰ ਦੀ ਪੂਰੀ ਜਾਣਕਾਰੀ ਰੱਖਦਾ ਹੈ ਅਤੇ ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹੈ, ਉਨ੍ਹਾਂ ਨੇ ਬੜੇ ਮਾਣ ਨਾਲ ਇਸ ਸਾਲਾਨਾ ਸਮਾਰੋਹ ਨੂੰ ਪੰਜਾਬੀ ਬਾਲੀਵੁੱਡ ਅਧਾਰਿਤ ਸਮਾਰੋਹ ਵਜੋਂ ਮਨਾਇਆ। ਆਲੀਸ਼ਾਨ ਭਾਰਤੀ ਡਿਜ਼ਾਇਨ ਐਂਟਰੀ ਉਪਰੰਤ ਢੋਲ ਦੇ ਡੱਗੇ ਨਾਲ ਪੂਰੇ ਬੋਰਡ ਆਫ਼ ਡਾਇਰੈਕਟਰਜ਼ ਦੀ ਭੰਗੜਾ ਪਾਉਂਦਿਆਂ ਐਂਟਰੀ ਕਰਵਾਈ ਗਈ, ਇੰਜ ਜਾਪਦਾ ਸੀ ਜਿਵੇਂ ਪੰਜਾਬੀ ਵਿਆਹ ਦੀ ਰੀਸੈਪਸ਼ਨ ਹੋਵੇ।
ਰੈਡ ਕਾਰਪੇਟ ਅਤੇ ਰੰਗਦਾਰ ਕੈਨੋਪੀ Emma Decorations ਨੇ ਭਾਰਤੀ ਸਟਾਈਲ ਵਿਚ ਕੀਤੀ। ਅਕਾਸ਼ ਬੇਦੀ ਨੇ ਆਪ ਖੁਦ ਅਚਕਨ-ਪਜ਼ਾਮਾ ਪਹਿਰਾਵੇ ਵਿਚ ਸਾਰੇ ਜੇਤੂਆਂ ਨੂੰ ਇਨਾਮ ਵੰਡਣ ਦੀ ਰਸ਼ਮ ਨਿਭਾਈ। ਬਹੁਤ ਸਾਰੀਆਂ ਗੋਰੀਆਂ ਔਰਤਾਂ ਸਾੜੀਆਂ, ਸਲਵਾਰ ਕਮੀਜ਼, ਚੂੜੀਆਂ, ਬਿੰਦੀਆਂ ਪਹਿਨ ਕੇ ਨਜ਼ਰ ਆਈਆਂ। ਡੀ.ਜੇ. ਅਤੇ ਢੋਲ ਅਮਨ ਅਤੇ ਗੈਰੀ, 360 ਫੋਟੋ ਬੂਥ ਮਾਣੂ ਦੁੱਗਲ ਅਤੇ ਵਿੰਨੀਪੈਗ ਭੰਗੜਾ ਗਰੁੱਪ ਵੱਲੋਂ ਭੰਗੜੇ ਦੀਆਂ ਆਈਟਮਜ਼ ਪੇਸ਼ ਕਰਨ ਦੇ ਨਾਲ ਨਾਲ ਗੋਰਿਆਂ ਨੂੰ ਭੰਗੜੇ ਦੇ ਸਟੈਪਸ ਸਿਖਾ ਕੇ ਅੱਧੀ ਰਾਤ ਤੱਕ ਭੰਗੜਾ ਚਲਦਾ ਰਿਹਾ। ਬਹੁਤ ਹੀ ਲਜੀਜ਼ ਭਾਰਤੀ ਖਾਣਾ ਈਸਟ ਇੰਡੀਆ ਕੰਪਨੀ ਵਲੋਂ ਪਰੋਸਿਆ ਗਿਆ। ਸਾਰੇ ਮਹਿਮਾਨਾਂ ਨੇ ਬੜੇ ਚਾਅ ਨਾਲ ਆਨੰਦ ਲਿਆ ਅਤੇ ਸਲਾਹਤਾ ਕੀਤੀ।
ਇਹ ਫੰਕਸ਼ਨ ਭਾਵੇਂ ਰੀਅਲ ਅਸਟੇਟ ਬੋਰਡ ਵਲੋਂ ਹਰ ਸਾਲ ਮਨਾਇਆ ਜਾਂਦਾ ਹੈ, ਪਰ ਇਸ ਵਾਰ ਇਹ ਬਿਕਲੁਲ ਹੀ ਨਿਵੇਕਲਾ ਜਾਣੀ ਮਾਣ ਨਾਲ ਪੰਜਾਬੀ ਹੋ ਨਿੱਬੜਿਆ ਜੋ ਰੀਅਲ ਅਸਟੇਟ ਬੋਰਡ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ। ਅਕਾਸ਼ ਬੇਦੀ ਪ੍ਰੈਜ਼ੀਡੈਂਟ ਦੀ ਵਜ੍ਹਾ ਨਾਲ।
ਭਾਵੇਂ ਸਾਰਾ ਸਮਾਰੋਹ ਪੰਜਾਬੀ ਸਭਿਆਚਾਰ ‘ਤੇ ਕੇਂਦਰਿਤ ਸੀ ਪਰ ਇਸ ਵਿਚ ਸਾਂਝੀਵਾਲਤਾ ਦਾ ਸੁਨੇਹਾ ਪ੍ਰਮੁੱਖ ਤੇ ਪ੍ਰਧਾਨ ਸੀ। ਦੂਸਰੇ ਕਲਚਰ ਦੇ ਲੋਕਾਂ ਨੂੰ ਪੰਜਾਬੀ ਸਭਿਆਚਾਰ ਦੀ ਜਾਣਕਾਰੀ ਸਾਡਾ ਅਮੀਰ ਵਿਰਸਾ, ਦਰਿਆ ਦਿਲੀ ਦੀ ਮਿਸਾਲ ਪੇਸ਼ ਕਰਨ ਦਾ ਵਧੀਆ ਵਸੀਲਾ। ਇਸ ਸਮਾਰੋਹ ਨੂੰ ਸਭ ਮਹਿਮਾਨਾਂ ਨੇ ਖੂਬ ਮਾਣਿਆ।
ਮਿਲੀ ਜਾਣਕਾਰੀ ਮੁਤਾਬਕ ਅਕਾਸ਼ ਬੇਦੀ ਛੋਟੀ ਉਮਰੇ ਹੀ ਰੀਅਲ ਅਸਟੇਟ ਵਿਚ ਦਿਲਚਸਪੀ ਲੈਣ ਲੱਗ ਪਿਆ ਸੀ। ਆਪਣੇ ਪਿਤਾ ਸ੍ਰ. ਬਲਦੇਵ ਸਿੰਘ ਬੇਦੀ ਦੀ ਅਗਵਾਈ ਹੇਠ ਇੱਕ ਬਹੁਤ ਕਾਮਯਾਬ ਰੀਅਲਟ ਬਣਨ ਉਪਰੰਤ ਰੀਮੈਕਸ਼ ਐਗਜਿਕਟ ਰੀਅਲਟੀ ਦਾ ਬਰੋਕਰ ਤੇ ਮਾਲਕ ਬਣ ਕੇ ਆਪਣੀ ਕਾਬਲੀਅਤ ਨੂੰ ਉਜਾਗਰ ਕੀਤਾ ਅਤੇ ਬੁਲੰਦੀਆਂ ਨੂੰ ਛੋਹਿਆ। ਯਾਦ ਰਹੇ ਕਿ ਬਲਦੇਵ ਸਿੰਘ ਜੀ ਬੇਦੀ ਅੱਜ ਪੰਜਾਬੀ ਮੂਲ ਦੇ ਸਭ ਤੋਂ ਸੀਨੀਅਰ ਐਕਟਿਵ ਰੀਐਲਟਰ ਹਨ ਜੋ ਪਿਛਲੇ 43 ਸਾਲਾਂ ਤੋਂ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ।
ਅਕਾਸ਼ ਬੇਦੀ ਵਿੰਨੀਪੈਗ ਰੀਜਨਲ ਰੀਅਲ ਅਸਟੇਟ ਬੋਰਡ ਦਾ ਅਜਿਹਾ ਪਹਿਲਾ ਨੌਜਵਾਨ ਪ੍ਰੈਜ਼ੀਡੈਂਟ ਹੈ ਜੋ ਸਾਲਾਨਾ ਸਮਾਰੋਹ ਵਿਚ ਆਪਣੇ ਮਾਤਾ-ਪਿਤਾ ਅਤੇ ਆਪਣੇ ਬੱਚਿਆਂ ਨੂੰ ਇਕੱਠੇ ਬੁਲਾ ਸਕਣ ਦਾ ਮਾਣ ਪ੍ਰਾਪਤ ਹੈ ਜਾਣੀ ਤਿੰਨ ਪੀੜ੍ਹੀਆਂ ਇੱਕ ਮੰਚ ‘ਤੇ।
ਰੀਅਲ ਅਸਟੇਟ ਬੋਰਡ ਦੇ ਇਸ ਸਾਲਾਨਾ ਸਮਾਰੋਹ ‘ਤੇ ਪੁੱਜੇ ਸਾਰੇ ਮਹਿਮਾਨਾਂ ਨੂੰ ਸੌਗਾਤ ਵਜੋਂ ਕੱਢੇ ਹੋਏ ਰੁਮਾਲ ਤੇ ਚੂੜੀਆਂ ਦਾ ਪੈਕ ਦਿੱਤਾ ਗਿਆ ਤਾਂ ਕਿ ਉਹ ਪੰਜਾਬੀ ਮਹਿਮਾਨ ਨਿਵਾਜੀ ਦੀ ਨਿਸ਼ਾਨੀ ਘਰ ਲੈ ਜਾ ਸਕਣ। ਅਦਾਰਾ ਵਲੋਂ ਅਕਾਸ਼ ਬੇਦੀ ਨੂੰ ਇੱਕ ਵਾਰ ਫਿਰ WRREB ਦਾ ਪ੍ਰਧਾਨ ਬਣਨ, ਇਸ ਨੂੰ ਕਾਮਯਾਬੀ ਨਾਲ ਚਲਾਉਣ ਅਤੇ ਉਹਨਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਭੇਜਦੇ ਹਾਂ ਅਤੇ ਬਲਦੇਵ ਸਿੰਘ ਬੇਦੀ ਜੀ ਦਾ ਵੀ ਉਹਨਾਂ ਦੀਆਂ ਅਣਥੱਥ ਕਮਿਊਨਿਟੀ ਸੇਵਾ ਲਈ ਧੰਨਵਾਦ ਕਰਦੇ ਹਾਂ।