
Ottawa,April 25,(Punjab Today News Ca):- ਕੈਨੇਡਾ ਭਰ ਦੇ ਫਲਾਈਟ ਅਟੈਂਡੈਂਟਸ (Flight Attendants) ਨੇ ਮੰਗਲਵਾਰ ਨੂੰ ਕੀਤੀ ਗਈ ਰੈਲੀ ਵਿੱਚ ਹਿੱਸਾ ਲਿਆ। ਇਨ੍ਹਾਂ ਫਲਾਈਟ ਅਟੈਂਡੈਂਟਸ ਦੀ ਮੰਗ ਹੈ ਕਿ ਉਨ੍ਹਾਂ ਨੂੰ ਵੀ ਉਸ ਸਮੇਂ ਪੈਸੇ ਦਿੱਤੇ ਜਾਣ ਜਦੋਂ ਉਹ ਕੰਮ ਉੱਤੇ ਹੁੰਦੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਹੋਰਨਾਂ ਪੋ੍ਰਫੈਸ਼ਨਜ਼ ਤੋਂ ਉਲਟ ਫਲਾਈਟ ਅਟੈਂਡੈਂਟਸ ਨੂੰ ਉਸ ਸਮੇਂ ਪੈਸੇ ਨਹੀਂ ਮਿਲਦੇ ਜਦੋਂ ਉਹ ਆਪਣੀ ਸਿ਼ਫਟ ਸ਼ੁਰੂ ਕਰਦੇ ਹਨ ਸਗੋਂ ਉਨ੍ਹਾਂ ਨੂੰ ਉਸ ਸਮੇਂ ਤੋਂ ਪੈਸੇ ਦਿੱਤੇ ਜਾਂਦੇ ਹਨ ਜਦੋਂ ਜਹਾਜ਼ ਉਡਾਨ ਭਰਨ ਦੀ ਤਿਆਰੀ ਕਰ ਰਿਹਾ ਹੁੰਦਾ ਹੈ ਤੇ ਹਵਾਈ ਸਫਰ ਤੋਂ ਬਾਅਦ ਜਦੋਂ ਆਪਣੀ ਮੰਜਿ਼ਲ ਤੱਕ ਪਹੁੰਚਦਾ ਹੈ। ਫਲਾਈਟ ਅਟੈਂਡੈਂਟਸ ਦੀ ਅਗਵਾਈ ਕਰ ਰਹੀ ਯੂਨੀਅਨ ਦਾ ਕਹਿਣਾ ਹੈ ਕਿ ਉਹ ਲੱਗਭਗ ਇੱਕ ਹਫਤਾ ਹਰ ਮਹੀਨੇ ਬਿਨਾਂ ਤਨਖਾਹ ਤੋਂ ਗੁਜ਼ਾਰਦੇ ਹਨ।
ਕਿਊਪ ਲੋਕਲ 4055 ਦੀ ਪ੍ਰੈਜ਼ੀਡੈਂਟ ਦੇ ਫਲਾਈਟ ਅਟੈਂਡੈਂਟ ਰੇਨਾ ਕਿਸਫਾਲਵੀ (Flight attendant Rena Kisfalvi) ਨੇ ਆਖਿਆ ਕਿ ਜਦੋਂ ਉਹ ਕੰਮ ਤੋਂ ਪਹਿਲਾਂ ਰਿਪੋਰਟ ਕਰਦੇ ਹਨ, ਜਿਵੇਂ ਸਵੇਰੇ 8:00 ਵਜੇ ਉਨ੍ਹਾਂ ਦਾ ਰਿਪੋਰਟ ਟਾਈਮ ਹੋਵੇ, ਉਹ ਫਲਾਈਟ ਤੋਂ ਪਹਿਲਾਂ ਬ੍ਰੀਫਿੰਗ ਕਰ ਰਹੀ ਹੋਵੇ, ਹੋਰ ਸੇਫਟੀ ਚੈੱਕ ਕਰ ਰਹੀ ਹੋਵੇ, ਕੇਟਰਿੰਗ ਦੀ ਤਿਆਰੀ ਕਰ ਰਹੀ ਹੋਵੇ, ਉਸ ਲਈ ਉਨ੍ਹਾਂ ਨੂੰ ਕੋਈ ਪੈਸੇ ਨਹੀਂ ਮਿਲਦੇ। ਜਦੋਂ ਜਹਾਜ਼ ਲੈਂਡ ਕਰ ਜਾਂਦਾ ਹੈ ਤੇ ਯਾਤਰੀ ਜਹਾਜ਼ ਵਿੱਚੋਂ ਉਤਰ ਰਹੇ ਹੁੰਦੇ ਹਨ ਉਨ੍ਹਾਂ ਨੂੰ ਉਸ ਸਮੇਂ ਦੇ ਪੈਸੇ ਵੀ ਨਹੀਂ ਮਿਲਦੇ। ਜੇ ਕੋਈ ਮੈਡੀਕਲ ਸਮੱਸਿਆ ਹੋ ਜਾਵੇ ਤੇ ਉਨ੍ਹਾਂ ਨੂੰ ਮਦਦ ਲਈ ਉੱਥੇ ਹੀ ਰੁਕਣਾ ਹੋਵੇ ਤਾਂ ਉਨ੍ਹਾਂ ਨੂੰ ਉਸ ਦੇ ਵੀ ਪੈਸੇ ਨਹੀਂ ਮਿਲਦੇ।
ਕਿਊਪ ਓਨਟਾਰੀਓ ਦੇ ਪ੍ਰੈਜ਼ੀਡੈਂਟ ਫਰੈੱਡ ਹਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਫਟੀ ਪ੍ਰੋਫੈਸ਼ਨਲਜ਼ ਵਜੋਂ ਸਾਲਾਨਾ ਟਰੇਨਿੰਗ ਲੈਣੀ ਪੈਂਦੀ ਹੈ। ਪਰ ਇਸ ਲਾਜ਼ਮੀ ਟਰੇਨਿੰਗ, ਜੋ ਕਿ ਕੁੱਲ ਮਿਲਾ ਕੇ ਤਿਮਾਹੀ ਬਣਦੀ ਹੈ, ਦੇ ਵੀ ਉਨ੍ਹਾਂ ਨੂੰ ਕੋਈ ਪੈਸੇ ਨਹੀਂ ਮਿਲਦੇ। ਕਿਸਫਾਲਵੀ ਨੇ ਆਖਿਆ ਕਿ ਫਲਾਈਟ ਅਟੈਂਡੈਂਟਸ ਨੂੰ ਪੈਸੈਂਜਰਜ਼ ਨੂੰ ਖਾਣ ਪੀਣ ਦਾ ਸਮਾਨ ਦੇਣ ਤੋਂ ਇਲਾਵਾ ਵੀ ਉਨ੍ਹਾਂ ਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ ਪਰ ਉਹ ਕਿਸੇ ਗਿਣਤੀ ਵਿੱਚ ਨਹੀਂ ਆਉਂਦੀ।
ਯੂਨੀਅਨ ਚਾਹੁੰਦੀ ਹੈ ਕਿ ਇਸ ਸਬੰਧੀ ਫੈਡਰਲ ਸਰਕਾਰ ਕੋਈ ਕਦਮ ਚੁੱਕੇ ਤੇ ਵੱਡੀਆਂ ਏਅਰਲਾਈਨਜ਼ ਵੀ ਇਸ ਪਾਸੇ ਕੰਮ ਕਰਨ। ਇਸ ਲਈ ਯੂਨੀਅਨ ਨੇ ਜਾਗਰੂਕਤਾ ਕੈਂਪੇਨ ਵੀ ਲਾਂਚ ਕੀਤੀ ਹੈ।