ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਇਹ ਗੱਲ ਜ਼ੋਰ ਦੇ ਕੇ ਆਖੀ ਕਿ ਸੁਡਾਨ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਕੋਸਿ਼ਸ਼ਾਂ ਜੰਗੀ ਪੱਧਰ ਉੱਤੇ ਜਾਰੀ ਹਨ। ਉਨ੍ਹਾਂ ਦੱਸਿਆ ਕਿ ਦੋ ਮਿਲਟਰੀ ਵੈਸਲ ਕੈਨੇਡਾ ਦੇ ਤਟ ਉੱਤੇ ਪਹੁੰਚ ਵੀ ਚੁੱਕੇ ਹਨ।
ਟਰੂਡੋ ਨੇ ਆਖਿਆ ਕਿ ਸੁਡਾਨ ਤੋਂ ਕੈਨੇਡੀਅਨ ਨਾਗਰਿਕਾਂ ਨੂੰ ਕੱਢਣ ਲਈ ਫੈਡਰਲ ਸਰਕਾਰ ਆਪਣੇ ਭਾਈਵਾਲਾਂ ਨਾਲ ਰਲ ਕੇ ਕੰਮ ਕਰ ਰਹੀ ਹੈ। ਜਿ਼ਕਰਯੋਗ ਹੈ ਕਿ ਸੁਡਾਨ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਮਿਲਟਰੀ ਤੇ ਵਿਰੋਧੀ ਪਾਰਲੀਆਮੈਂਟਰੀ ਗਰੁੱਪ ਦਰਮਿਆਨ ਸੰਘਰਸ਼ ਛਿੜ ਗਿਆ ਸੀ। ਇਸ ਦੌਰਾਨ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਜ਼ਖ਼ਮੀ ਹੋਏ ਹਨ। ਟਰੂਡੋ ਨੇ ਆਖਿਆ ਕਿ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਉਸ ਮੁਲਕ ਵਿੱਚ ਅਜਿਹੀਆਂ ਬਹੁਤ ਘੱਟ ਥਾਂਵਾਂ ਬਚੀਆਂ ਹਨ ਜਿੱਥੋਂ ਇਨ੍ਹਾਂ ਲੋਕਾਂ ਨੂੰ ਏਅਰਲਿਫਟ ਕਰਕੇ ਲਿਆਂਦਾ ਜਾ ਸਕਦਾ ਹੈ।
ਸੋਮਵਾਰ ਨੂੰ ਟਰੂਡੋ ਨੇ ਇਹ ਆਖਿਆ ਸੀ ਕਿ ਜਰਮਨੀ ਦੇ ਜਹਾਜ਼ ਉੱਤੇ 58 ਕੈਨੇਡੀਅਨ ਸੁਡਾਨ ਤੋਂ ਬਾਹਰ ਆਉਣ ਵਿੱਚ ਕਾਮਯਾਬ ਰਹੇ ਹਨ ਤੇ ਸੀ-17 ਟਰਾਂਸਪੋਰਟ ਪਲੇਨ ਵੀ ਇਲਾਕੇ ਵਿੱਚ ਮੌਜੂਦ ਸੀ। ਰੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਐਚਐਮਸੀਐਸ ਮਾਂਟਰੀਅਲ ਤੇ ਸਪਲਾਈ ਸਿ਼ੱਪ ਐਮਵੀ ਐਸਟ੍ਰਿਕਸ ਆਪਣਾ ਟਾਸਕ ਪੂਰਾ ਕਰਨ ਲਈ ਰੈੱਡ ਸੀਅ ਦੇ ਉੱਤੇ ਸੀ। ਮੰਗਲਵਾਰ ਨੂੰ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿੱਚ 100 ਤੋਂ ਵੱਧ ਹੋਰ ਕੈਨੇਡੀਅਨ ਸੁਡਾਨ ਤੋਂ ਬਾਹਰ ਕੱਢ ਲਏ ਜਾਣਗੇ। ਕੈਨੇਡੀਅਨਜ਼ ਨੂੰ ਬਾਹਰ ਕੱਢਣ ਵਿੱਚ ਮਦਦ ਕਰਨ ਵਾਸਤੇ ਉਨ੍ਹਾਂ ਜਰਮਨੀ, ਫਰਾਂਸ, ਸੰਯੁਕਤ ਅਰਬ ਅਮੀਰਾਤ ਤੇ ਸਾਊਦੀ ਅਰਬ ਦਾ ਧੰਨਵਾਦ ਕੀਤਾ।