
Surrey,13 July 2023,(Punjab Today News Ca):- ਚੇਤਨਾ ਪ੍ਰਕਾਸ਼ਨ ਲੁਧਿਆਣਾ ਅਤੇ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵੱਲੋਂ ਪੰਜਾਬੀ ਸਾਹਿਤ ਅਤੇ ਪੁਸਤਕਾਂ ਦਾ ਪ੍ਰਚਾਰ ਪਾਸਾਰ ਹਿਤ ਡਿਕਸੀ ਰੋਡ ਮਿਸੀਸਾਗਾ ਵਿਖੇ ਪੁਸਤਕ ਮੇਲਾ ਲਾਇਆ ਗਿਆ ਹੈ। ਇਸ ਮੇਲੇ ਦਾ ਉਦਘਾਟਨ ਯੂਨਾਈਟਿਡ ਗਰੁੱਪ ਦੇ ਮਾਲਕ ਦੇਵ ਮਾਂਗਟ ਨੇ ਕੀਤਾ ਅਤੇ ਬਹੁਤ ਸਾਰੇ ਪਾਠਕਾਂ ਨੇ ਪਹਿਲੇ ਦਿਨ ਹੀ ਕਿਤਾਬਾਂ ਖਰੀਦ ਕੇ ਅਤੇ ਹੋਰ ਕਿਤਾਬਾਂ ਦੇ ਅਡਵਾਂਸ ਆਰਡਰ ਲਿਖਵਾ ਕੇ ਪੁਸਤਕਾਂ ਨੂੰ ਜੀ ਆਇਆਂ ਕਿਹਾ।
ਇਹ ਪੁਸਤਕ ਮੇਲਾ 10 ਜੁਲਾਈ ਤੋਂ ਸ਼ੁਰੂ ਹੋ ਕੇ ਇੱਕ ਮਹੀਨਾ ਚੱਲਦਾ ਰਹੇਗਾ। ਪੁਸਤਕ ਮੇਲੇ ਵਿੱਚ ਹਰ ਹਫ਼ਤੇ ਕਿਸੇ ਨਾ ਕਿਸੇ ਕਿਤਾਬ ਤੇ ਗੋਸ਼ਟੀ ਵੀ ਹੋਵੇਗੀ, ਸੰਵਾਦ ਵੀ ਛਿੜੇਗਾ, ਮੌਜੂਦਾ ਸਮੇਂ ਰਚੇ ਅਤੇ ਪੜ੍ਹੇ ਜਾ ਰਹੇ ਸਾਹਿਤ ਬਾਰੇ ਗੱਲਬਾਤ ਵੀ ਹੋਵੇਗੀ। ਵਿਚਾਰ ਚਰਚਾ ਵਿੱਚ ਕੋਈ ਵੀ ਪਾਠਕ ਹਿੱਸਾ ਲੈ ਸਕੇਗਾ। ਇਹ ਪੁਸਤਕ ਮੇਲਾ 6435 ਕੌਰਟਨੀ ਪਾਰਕ ਸੈਂਟਰ ਡਿਕਸੀ ਰੋਡ ਦੇ ਯੂਨਿਟ 30 ਵਿਚ ਲੱਗਿਆ ਹੋਇਆ ਹੈ। ਹੋਰ ਜਾਣਕਾਰੀ ਲਈ ਸਤੀਸ਼ ਗੁਲਾਟੀ ਨਾਲ ਫੋਨ ਨੰਬਰ 604 750 0189 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਯੂਨਾਈਟਿਡ ਗਰੁੱਪ ਦੇ ਓਨਰ ਦੇਵ ਮਾਂਗਟ ਨੇ ਆਪਣੇ ਉਦਘਾਟਨੀ ਸੰਬੋਧਨ ਵਿਚ ਕਿਹਾ ਕਿ ਟਰਾਂਟੋ ਅਤੇ ਗਰੇਟਰ ਏਰੀਆ ਲਈ ਇਹ ਸ਼ੁਭ ਸ਼ਗਨ ਹੈ ਕਿ ਕਿਤਾਬਾਂ ਸਾਡੇ ਘਰ ਚੱਲ ਕੇ ਆਈਆਂ ਹਨ ਤੇ ਸਾਡਾ ਸਭਨਾਂ ਦਾ ਫਰਜ਼ ਹੈ ਘਰ-ਘਰ ਲਾਇਬਰੇਰੀ ਬਣਾਉਣ ਦਾ ਅਹਿਦ ਕਰੀਏ। ਟੋਨੀ ਸੰਧੂ ਅਤੇ ਨੌਜਵਾਨ ਹੈਰੀ ਸੰਧੂ ਨੇ ਵੀ ਕਿਤਾਬਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਮੋਹਨ ਸਿੰਘ ਨੇ ਕਿਤਾਬਾਂ ਦੀ ਦੁਨੀਆਂ ਦੀ ਗੱਲ ਕਈ ਮਿਸਾਲਾਂ ਦੇ ਕੇ ਕੀਤੀ। ਇਕਬਾਲ ਮਾਹਲ ਨੇ ਵੀ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਗੁਰਦਿਆਲ ਬੱਲ ਨੇ ਆਪਣੇ ਦੋਸਤਾਂ ਨੂੰ ਕਿਤਾਬਾਂ ਦੇ ਮੇਲੇ ਵਿੱਚ ਵਧ-ਚੜ੍ਹ ਕੇ ਹਿੱਸਾ ਪਾਉਣ ਲਈ ਕਿਹਾ। ਪੰਕਜ ਸ਼ਰਮਾ, ਮੋਨਿਕਾ, ਕਿਰਨ ਲਗਾਤਾਰ ਕਿਤਾਬਾਂ ਨਾਲ ਦੋਸਤੀ ਪਾਉਂਦੇ ਦੇਖੇ ਗਏ। ਮਨਜੀਤ ਮਾਹਲ ਨੇ ਉਦਘਾਟਨ ਦੇ ਸਾਰੇ ਇੰਤਜ਼ਾਮ ਕੀਤੇ।