Tarn Taran,21 July 2023,(Punjab Today News Ca):- ਹਰ ਔਖੀ ਘੜੀ ਵੇਲੇ ਹਮੇਸ਼ਾਂ ਸਭ ਤੋਂ ਅੱਗੇ ਹੋ ਕੇ ਮਿਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ.ਐੱਸ.ਪੀ ਸਿੰਘ ਓਬਰਾਏ (Dr. SP Singh Oberoi) ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਅਜਿਹੇ ਲੋੜਵੰਦ ਲੋਕਾਂ ਨੂੰ ਘਰ ਬਣਾ ਕੇ ਦੇਣ ਦਾ ਐਲਾਨ ਕੀਤਾ ਹੈ,ਜਿਨ੍ਹਾਂ ਦੇ ਘਰ ਹੜ੍ਹ ਦੇ ਪਾਣੀ ਕਾਰਨ ਢਹਿ ਗਏ ਹਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ (Trust) ਦੇ ਬਾਨੀ ਡਾ.ਐੱਸ.ਪੀ ਸਿੰਘ ਓਬਰਾਏ (Dr. SP Singh Oberoi) ਨੇ ਦੱਸਿਆ ਕਿ ਹੜ੍ਹਾਂ ਕਾਰਨ ਪੈਦਾ ਹੋਏ ਚਿੰਤਾਜਨਕ ਹਾਲਾਤ ਦੌਰਾਨ ਵੇਖਣ ਵਿਚ ਆਇਆ ਹੈ ਕਿ ਕੁਝ ਲੋਕਾਂ ਦੇ ਘਰਾਂ ਅੰਦਰ ਪਾਣੀ ਭਰ ਜਾਣ ਕਾਰਨ ਉਨ੍ਹਾਂ ਦੇ ਘਰ ਢਹਿ ਢੇਰੀ ਹੋ ਗਏ ਹਨ ਜਾਂ ਰਹਿਣਯੋਗ ਨਹੀਂ ਰਹੇ,ਜਿਸ ਲਈ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜਲਦ ਅਜਿਹੇ ਲੋੜਵੰਦ ਲੋਕਾਂ ਨੂੰ ਨਵੇਂ ਘਰ ਬਣਾ ਕੇ ਦੇਵੇਗਾ।
ਉਨ੍ਹਾਂ ਇਹ ਦੱਸਿਆ ਇਸ ਸਬੰਧੀ ਟਰੱਸਟ (Trust) ਦੀਆਂ ਹੜ੍ਹ ਪ੍ਰਭਾਵਿਤ ਇਲਾਕਿਆਂ ਨਾਲ ਸਬੰਧਿਤ ਜ਼ਿਲ੍ਹਾ ਇਕਾਈਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਕਿ ਉਹ ਪ੍ਰਭਾਵਿਤ ਲੋੜਵੰਦ ਲੋਕਾਂ ਦੀਆਂ ਸੂਚੀਆਂ ਬਣਾ ਕੇ ਉਨ੍ਹਾਂ ਤੱਕ ਪੁੱਜਦਾ ਕਰਨ ਤਾਂ ਜੋ ਮਾਹੌਲ ਸੁਖਾਵਾਂ ਹੋਣ ਉਪਰੰਤ ਜਲਦ ਤੋਂ ਜਲਦ ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾ ਸਕੇ।ਹੋਰ ਜਾਣਕਾਰੀ ਦਿੰਦਿਆਂ ਤਰਨਤਾਰਨ ਜ਼ਿਲ੍ਹੇ ਦੇ ਵਾਇਸ ਪ੍ਰਧਾਨ ਵਿਸ਼ਾਲ ਸੂਦ ਨੇ ਕਿਹਾ ਕਿ ਡਾ.ਐੱਸ.ਪੀ ਸਿੰਘ ਓਬਰਾਏ (Dr. SP Singh Oberoi) ਆਪਣੀ ਫਰਾਖਦਿਲੀ ਲਈ ਜਾਣੇ ਜਾਂਦੇ ਹਨ।
ਹਰ ਮੁਸ਼ਕਿਲ ਸਮੇਂ ਉਹ ਹਮੇਸ਼ਾ ਲੋੜਵੰਦਾਂ ਦੀ ਬਾਂਹ ਫੜਦੇ ਹਨ,ਇਸੇ ਲੜੀ ਤਹਿਤ ਉਹਨਾਂ ਐਲਾਨ ਕੀਤਾ ਹੈ ਕਿ ਜਿਹਨਾਂ ਦੇ ਮਕਾਨ ਹੜ੍ਹਾਂ ਕਾਰਨ ਨੁਕਸਾਨੇ ਗਏ ਹਨ,ਉਹਨਾਂ ਦੇ ਮਕਾਨ ਡਾਕਟਰ ਓਬਰਾਏ ਵੱਲੋਂ ਬਣਾ ਕੇ ਦਿੱਤੇ ਜਾਣਗੇ,ਇਸ ਮੌਕੇ ਉਨ੍ਹਾਂ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿੱਚ ਜੇ ਕਿਸੇ ਦੇ ਘਰ ਦਾ ਹੜ੍ਹਾਂ ਕਾਰਨ ਨੁਕਸਾਨ ਹੋਇਆ ਹੋਵੇ ਉਹ ਟਰੱਸਟ (Trust) ਦੇ ਅਹੁਦੇਦਾਰਾਂ ਨਾਲ ਰਾਬਤਾ ਕਰ ਸਕਦਾ ਹੈ।