ਸਰੀ, 12 ਦਸੰਬਰ ( ਸੰਦੀਪ ਸਿੰਘ ਧੰਜੂ)- ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਅੱਜ ਬਜ਼ੁਰਗਾਂ, ਬੱਚਿਆਂ ਅਤੇ ਘੱਟ ਆਮਦਨ ਵਾਲੇ ਕਨੇਡੀਅਨ ਲਈ ਨਵੀਂ ਦੰਦ ਸੰਭਾਲ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਇਸ ਪ੍ਰੋਗਰਾਮ ਤਹਿਤ ਅਗਲੇ ਸਾਲ ਤੋਂ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਦੰਦਾਂ ਦੀ ਰੂਟੀਨ ਚੈਕਿੰਗ ਲਈ ਖਰਚਿਆਂ ਤੋਂ ਰਾਹਤ ਮਿਲੇਗੀ। ਇਹ ਐਲਾਨ ਕਰਦਿਆਂ ਸਿਹਤ ਮੰਤਰੀ ਮਾਰਕ ਹੌਲੈਂਡ ਨੇ ਸਰਕਾਰ ਦੀ ਯੋਜਨਾ ਨੂੰ ਪਰਿਵਰਤਨਸ਼ੀਲ ਦੱਸਿਆ ਕਿਉਂਕਿ ਇਹ ਲਗਭਗ 90 ਲੱਖ ਕੈਨੇਡਾ ਵਾਸੀਆਂ ਨੂੰ ਕਵਰੇਜ ਪ੍ਰਦਾਨ ਕਰੇਗੀ ਜਿਨ੍ਹਾਂ ਕੋਲ ਪਹਿਲਾਂ ਦੰਦਾਂ ਦੇ ਬੀਮੇ ਤੱਕ ਪਹੁੰਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਕੋਲ ਦੁਨੀਆ ਦੀ ਸਭ ਤੋਂ ਵਧੀਆ ਸਿਹਤ ਪ੍ਰਣਾਲੀ ਹੈ ਅਤੇ ਅੱਜ ਉਸ ਦਿਸ਼ਾ ਵਿੱਚ ਇਹ ਇੱਕ ਹੋਰ ਮਹੱਤਵਪੂਰਨ ਕਦਮ ਹੈ।
ਇਹ ਪ੍ਰੋਗਰਾਮ ਇਸ ਸਾਲ ਤੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਕੁਝ ਬਜ਼ੁਰਗਾਂ ਲਈ ਲਾਗੂ ਹੋਵੇਗਾ। 87 ਸਾਲ ਅਤੇ ਇਸ ਤੋਂ ਵਧੇਰੇ ਉਮਰ ਵਾਲੇ ਬਜ਼ੁਰਗ ਇਸ ਯੋਜਨਾ ਦਾ ਲਾਭ ਇਸ ਮਹੀਨੇ ਤੋਂ ਹੀ ਲੈ ਸਕਣਗੇ ਅਤੇ ਹੋਰ ਉਮਰ ਵਰਗਾਂ ਦੇ ਲੋਕ ਅਗਲੇ ਸਾਲ ਤੋਂ ਇਸ ਵਾਸਤੇ ਯੋਗ ਹੋ ਜਾਣਗੇ।