OTTAWA,(PUNJAB TODAY NEWS CA):- ਬੈਂਕ ਆਫ ਕੈਨੇਡਾ (Bank of Canada) ਵੱਲੋਂ ਵਿਆਜ਼ ਦਰਾਂ ਵਿੱਚ 75 ਬੇਸਿਸ ਅੰਕਾਂ ਦਾ ਵਾਧਾ ਕੀਤਾ ਗਿਆ ਹੈ,ਇਸ ਨਾਲ ਬੈਂਕ ਦਾ ਪਾਲਿਸੀ ਰੇਟ 2·5 ਫੀ ਸਦੀ ਤੋਂ ਵੱਧ ਕੇ 3·25 ਫੀ ਸਦੀ ਹੋ ਗਿਆ ਹੈ,ਮਾਰਚ ਤੋਂ ਲੈ ਕੇ ਹੁਣ ਤੱਕ ਬੈਂਕ ਆਪਣੇ ਪਾਲਿਸੀ ਰੇਟ ਵਿੱਚ 300 ਬੇਸਿਸ ਅੰਕਾਂ ਦਾ ਵਾਧਾ ਕਰ ਚੁੱਕਿਆ ਹੈ,ਮਹਿੰਗਾਈ ਦਰ ਨੂੰ ਦੋ ਫੀ ਸਦੀ ਦੇ ਟੀਚੇ ਤੱਕ ਲਿਆਉਣ ਲਈ ਬੈਂਕ ਵੱਲੋਂ ਇਹ ਕੋਸਿ਼ਸ਼ ਕੀਤੀ ਜਾ ਰਹੀ ਹੈ।
ਗਲੋਬਲ ਪੱਧਰ (Global Level) ਉੱਤੇ ਮਹਿੰਗਾਈ ਵਿੱਚ ਹੋ ਰਹੇ ਵਾਧੇ ਲਈ ਬੈਂਕ ਰੂਸ ਵੱਲੋਂ ਯੂਕਰੇਨ ਉੱਤੇ ਮੜ੍ਹੀ ਗਈ ਜੰਗ,ਚੀਨ ਵਿੱਚ ਕੋਵਿਡ-19 ਲਾਕਡਾਊਨਜ਼ (Covid-19 Lockdowns) ਤੇ ਹੋਰ ਵਸਤਾਂ ਦੀਆਂ ਅਸਥਿਰ ਕੀਮਤਾਂ ਨੂੰ ਜਿ਼ੰਮੇਵਾਰ ਮੰਨਦਾ ਹੈ,ਜੁਲਾਈ ਵਿੱਚ ਸਟੈਟੇਸਟਿਕਸ ਕੈਨੇਡਾ (Statistics Canada) ਵੱਲੋਂ ਰਿਪੋਰਟ ਕੀਤੀ ਗਈ ਮਹਿੰਗਾਈ 7·6 ਫੀ ਸਦੀ ਸੀ, ਜੋ ਕਿ ਜੂਨ ਵਿੱਚ 8·1 ਫੀ ਸਦੀ ਉੱਤੇ ਪਹੁੰਚ ਚੁੱਕੀ ਦਰ ਨਾਲੋਂ ਘੱਟ ਸੀ,ਮਹਿੰਗਾਈ ਵਿੱਚ ਇਹ ਕਮੀ ਗੈਸ ਦੀਆਂ ਕੀਮਤਾਂ ਵਿੱਚ ਆਈ ਗਿਰਾਵਟ ਸਦਕਾ ਆਈ ਦੱਸੀ ਗਈ ਜਦਕਿ ਖਾਣੇ ਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਵਾਧਾ ਜਾਰੀ ਰਿਹਾ।
ਇਸ ਦੌਰਾਨ ਬੈਂਕ ਆਫ ਕੈਨੇਡਾ (Bank of Canada) ਨੇ ਆਖਿਆ ਕਿ ਮਹਿੰਗਾਈ ਵਿੱਚ ਇਹ ਵਾਧਾ ਜਾਰੀ ਰਹਿਣ ਦੀ ਸੰਭਾਵਨਾ ਹੈ,ਇਸ ਨਾਲ ਵੱਧ ਰਹੀਆਂ ਕੀਮਤਾਂ ਦੀ ਸਥਿਤੀ ਮਜ਼ਬੂਤ ਹੋਣ ਦਾ ਖਦਸ਼ਾ ਵੀ ਬਣਿਆ ਹੋਇਆ ਹੈ,ਬੈਂਕ ਨੇ ਮਹਿੰਗਾਈ ਨੂੰ ਹੋਰ ਹੇਠਾਂ ਆਪਣੇ ਦੋ ਫੀ ਸਦੀ ਦੇ ਟੀਚੇ ਤੱਕ ਲਿਆਉਣ ਲਈ ਆਉਣ ਵਾਲੇ ਦਿਨਾਂ ਵਿੱਚ ਪਾਲਿਸੀ ਰੇਟ ਵਿੱਚ ਹੋਰ ਵਾਧਾ ਹੋ ਸਕਦਾ ਹੈ,ਯੂਨੀਵਰਸਿਟੀ ਆਫ ਓਟਵਾ (University of Ottawa) ਵਿੱਚ ਇੰਸਟੀਚਿਊਟ ਆਫ ਫਿਸਕਲ ਸਟੱਡੀਜ਼ ਤੇ ਡੈਮੋਕ੍ਰੈਸੀ (Institute of Fiscal Studies On Democracy) ਦੇ ਪ੍ਰੈਜ਼ੀਡੈਂਟ ਤੇ ਸੀਈਓ ਕੈਵਿਨ ਪੇਜ (President And CEO Kevin Page) ਨੇ ਆਖਿਆ ਕਿ ਬੈਂਕ ਨੇ ਅਗਾਂਹ ਵੀ ਵਿਆਜ਼ ਦਰਾਂ ਵਿੱਚ ਵਾਧਾ ਕਰਨ ਲਈ ਪਹਿਲਾਂ ਹੀ ਰਾਹ ਪੱਧਰਾ ਕਰ ਲਿਆ ਹੈ।
ਉਨ੍ਹਾਂ ਆਖਿਆ ਕਿ ਸੰਭਾਵੀ ਤੌਰ ਉੱਤੇ ਬੈਂਕ ਆਪਣੀ ਪਾਲਿਸੀ ਦਰ 4 ਫੀ ਸਦੀ ਤੱਕ ਲਿਆਵੇਗਾ,ਵੈਨਕੂਵਰ (Vancouver) ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ (Deputy Prime Minister and Finance Minister Chrystia Freeland) ਨੇ ਆਖਿਆ ਕਿ ਸਰਕਾਰ ਸੰਤੁਲਿਤ ਤੇ ਸਾਵਧਾਨੀ ਵਾਲੀ ਪਹੁੰਚ ਅਪਨਾਉਣਾ ਚਾਹੁੰਦੀ ਹੈ,ਜਿਵੇਂ ਕਿ ਅਸੀਂ ਹੁਣ ਤੱਕ ਕਰਦੇ ਆਏ ਹਾਂ,ਇੱਥੇ ਸਾਰੇ ਫੈਡਰਲ ਕੈਬਨਿਟ ਮੰਤਰੀ ਰਟਰੀਟ (Federal Cabinet Minister Retreat) ਲਈ ਇੱਕਠੇ ਹੋਏ ਹਨ।