ਵਿੰਨੀਪੈਗ(ਕਮਲੇਸ ਸਰਮਾਂ) ਸਿੱਖ ਭਾਈਚਾਰੇ ਨੇ ਇਸ ਵਿਰਾਸਤੀ ਮਹੀਨੇ ਦੇ ਜਸ਼ਨ ਦੇ ਹਿੱਸੇ ਵਜੋਂ ਵਿੰਨੀਪੈਗ ਹਾਰਵੇਸਟ ਲਈ ਫੂਡ ਡਰਾਈਵ ਦਾ ਪ੍ਰਬੰਧ ਕੀਤਾ। ਸੂਬਾਈ ਸਰਕਾਰ ਨੇ ਮੈਨੀਟੋਬਾ ਵਿਧਾਨ ਸਭਾ ਵਿਚ ਸ਼ਨੀਵਾਰ ਨੂੰ ਲਗਾਤਾਰ ਪੰਜਵੇਂ ਸਾਲ ਸਿੱਖ ਵਿਰਾਸਤੀ ਮਹੀਨੇ ਨੂੰ ਅਧਿਕਾਰਤ ਤੌਰ ‘ਤੇ ਮਾਨਤਾ ਦਿੱਤੀ। ਗੌਰਤਲਬ ਹੈ ਕਿ ਐਨ ਡੀ ਪੀ ਨੇ ਇਹ ਬਿਲ-228 ਸਿੱਖ ਹੈਰੀਟੇਜ ਪੰਥ ਐਕਟ ਪੇਸ਼ ਕੀਤਾ ਸੀ ਤੇ ਇਸ ਨੂੰ 2019 ਜੂਨ ਮਹੀਨੇ ਵਿਚ ਮਨਜ਼ੂਰੀ ਦੇ ਦਿੱਤੀ ਗਈ ਸੀ। ਐਨ ਡੀ ਪੀ ਨੇਤਾ ਵਾਵ ਕਨਿਊ ਤੇ ਕੰਜਰਵੇਟਿਵ ਪਾਰਟੀ ਦੇ ਵਿਧਾਇਕਾਂ ਸਹਿਤ ਸ਼ਨੀਵਾਰ ਨੂੰ ਇਸ ਸਬੰਧੀ ਪ੍ਰੋਗਰਾਮ ਰੱਖਿਆ ਗਿਆ। ਵਾਵ ਕਨਿਊ ਨੇ ਕਿਹਾ ਕਿ ਮੈਨੀਟੋਬਾ ਵਿਚ ਸਿੱਖ ਭਾਈਚਾਰੇ ਦੇ ਲੰਬੇ ਇਤਿਹਾਸ ਬਾਰੇ ਜਾਣਨ, ਪ੍ਰਾਪਤੀਆਂ ਬਾਰੇ ਜਾਣਨ ਲਈ ਸਿੱਖ ਵਿਰਾਸਤੀ ਮਹੀਨੇ ਦੀਆਂ ਕੁਝ ਗਤੀਵਿਧੀਆਂ ਵਿਚ ਸ਼ਾਮਲ ਹੋਣ ਲਈ ਜੀਵਨ ਦੇ ਹਰ ਖੇਤਰ ਦੇ ਮੈਨੀਟੋਬਾ ਵਾਸੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਸ ਲਈ ਉਹਨਾਂ ਨੇ ਅਪੀਲ ਕੀਤੀ ਵਾਵ ਨੇ ਕਿਹਾ ਕਿ ਇਹ ਇੱਕ ਅਨਿੱਖੜਵਾਂ ਭਾਈਚਾਰਾ ਹੈ ਜਿਸ ਨੇ ਸਾਡੇ ਸੂਬੇ ਨੂੰ ਸਾਲਾਂ ਦੌਰਾਨ ਮਹਾਨ ਬਣਾਇਆ ਹੈ। ਪ੍ਰੀਮੀਅਰ ਹੈਦਰ ਸਟੀਫਨਸਨ ਅਤੇ ਸੱਭਿਆਚਾਰਕ ਮੰਤਰੀ ਓਵੀ ਖਾਨ ਨੇ ਵੀ ਸ਼ਿਰਕਤ ਕੀਤੀ। ਓਵੀ ਖਾਨ ਨੇ ਕਿਹਾ ਕਿ ਅਸੀਂ ਆਪਣੀ ਵਿਭਿੰਨਤਾ ਦੁਆਰਾ ਇੱਕਜੁਟ ਹਾਂ ਅਤੇ ਵਿਭਿੰਨਤਾ ਹੀ ਸਾਡੀ ਤਾਕਤ ਹੈ।