ਵਿੰਨੀਪੈਗ(ਕਮਲੇਸ ਸਰਮਾਂ) ਵਿੰਨੀਪੈਗ ਨੂੰ ਸੂਬੇ ਵਲੋਂ ਸੜਕਾਂ ਦੀ ਮੁਰੰਤ ਲਈ 7.5 ਮਿਲੀਅਨ ਡਾਲਰ ਰਾਸ਼ੀ ਦਾ ਸਹਿਯੋਗ ਮਿਲੇਗਾ। ਬੀਤੇ ਸ਼ੁਕਰਵਾਰ ਨੂੰ ਮਿਊਂਸਪਲ ਰਿਲੇਸ਼ਨਜ਼ ਮੰਤਰੀ ਐਡਰੀਓ ਸਮਿੱਥ ਨੇ ਇਸ ਫੰਡ ਦੀ ਘੋਸ਼ਣਾ ਕੀਤੀ। ਉਹਨਾਂ ਦੱਸਿਆ ਕਿ ਇਹ ਫੰਡ ਇਸ ਸਾਲ ਦੇ ਸ਼ੁਰੂ ਵਿਚ ਘੋਸ਼ਿਤ ਕੀਤੇ ਗਏ ਓਪਰੇਟਿੰਗ ਫੰਡਾਂ ਵਿਚ ਵਾਧੇ ਤੋਂ ਇਲਾਵਾ ਹੋਵੇਗਾ। ਮੰਤਰੀ ਨੇ ਦੱਸਿਆ ਕਿ ਫਰਵਰੀ ਮਹੀਨੇ ਵਿਚ ਸੂਬਾ ਸਰਕਾਰ ਨੇ ਆਪਣੀ ਪਿਛਲੇ ਸੱਤ ਸਾਲਾਂ ਦੀ ਮਿਊਂਸਪਲ ਫੰਡਿੰਗ ਦੀ ਫ੍ਰੀਜ ਨੂੰ ਖਤਮ ਕਰ ਦਿੱਤਾ ਸੀ। ਵਿੰਨੀਪੈਗ ਦੀ ਗਰਾਂਟ ਵਿਚ 14 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਮੈਨੀਟੋਬਾ ਦੀ ਰਾਜਧਾਨੀ ਨੂੰ ਕਰੀਬ 13 ਮਿਲੀਅਨ ਡਾਲਰ ਦੀ ਟਰਾਂਜਿਟ ਗਰਾਂਟ ਵੀ ਮਿਲੀ ਹੈ। ਪਿਛਲੇ ਵਰ੍ਹੇ ਪ੍ਰਾਂਤ ਨੇ ਵਿੰਨੀਪੈਗ ਨੂੰ ਸੜਕਾਂ ਦੇ ਵਿਚ ਪਏ ਟੋਇਆਂ ਦੀ ਮੁਰੰਮਤ ਲਈ ਲਗਭਗ 9 ਮਿਲੀਅਨ ਡਾਲਰ ਵੀ ਦਿੱਤੇ ਸਨ। ਮੰਤਰੀ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਜੋ ਅਨੁਦਾਨ ਰਾਸ਼ੀ ਘੋਸ਼ਿਤ ਕੀਤੀ ਗਈ ਹੈ ਉਹ 7.5 ਮਿਲੀਅਨ ਡਾਲਰ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਵੱਲ ਜਾਵੇਗਾ। ਇਸ ਵਿਚ ਮੁਰੰਮਤ ਸਮੱਗਰੀ, ਬੁਨਿਆਦੀ ਸੇਵਾਵਾਂ, ਸਪਲਾਈ ਅਤੇ ਕੰਟਰੈਕਟਿੰਗ ਸੇਵਾਵਾਂ ਵੀ ਸ਼ਾਮਲ ਹਨ। ਐਂਡਰੀਓ ਸਮਿੱਥ ਨੇ ਕਿਹਾ ਕਿ ਇਹ ਫੰਡਿੰਗ Strategic Municipal Investment Fund, ਮੈਨੀਟੋਬਾ ਬਾਸਕੱਟ ਫੰਡਿੰਗ ਮਾਡਲ ਦੇ ਰਾਹੀਂ ਪ੍ਰਦਾਨ ਕੀਤੀ ਜਾਵੇਗੀ।