
NEW DELHI,(PUNJAB TODAY NEWS CA):- ਗੁਜਰਾਤ ATS ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੀ ਹਿਰਾਸਤ ਲਈ ਪਟਿਆਲਾ ਹਾਊਸ ਕੋਰਟ (Patiala House Court) ਵਿੱਚ ਅਰਜ਼ੀ ਦਾਇਰ ਕੀਤੀ ਹੈ। ਏਟੀਐਸ ਨੇ 2022 ਵਿੱਚ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਸੀ ਅਤੇ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਨਸ਼ਿਆਂ ਦੇ ਇਸ ਮਾਮਲੇ ਵਿੱਚ ਪਾਕਿਸਤਾਨੀ ਕੁਨੈਕਸ਼ਨ ਵੀ ਸਾਹਮਣੇ ਆਇਆ ਸੀ। ਪੁਲਿਸ ਇਸ ਮਾਮਲੇ ਸਬੰਧੀ ਲਾਰੈਂਸ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ। ਗੁਜਰਾਤ ਏਟੀਐਸ (ATS) ਦੀ ਅਰਜ਼ੀ ‘ਤੇ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ ਦਿੱਤਾ ਗਿਆ ਹੈ।
ਬਿਸ਼ਨੋਈ ਪਿਛਲੇ 12 ਸਾਲਾਂ ‘ਚ 36 ਮਾਮਲਿਆਂ ‘ਚ ਸ਼ਾਮਲ ਹੈ। ਉਸ ਖ਼ਿਲਾਫ਼ ਪੰਜਾਬ, ਗੁਜਰਾਤ, ਚੰਡੀਗੜ੍ਹ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿੱਚ 36 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ 21 ਕੇਸਾਂ ਵਿੱਚ ਜਾਂਚ ਚੱਲ ਰਹੀ ਹੈ ਅਤੇ 9 ਵਿੱਚ ਉਹ ਬਰੀ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ ਚਾਰ ਕੇਸ ਇਕੱਲੇ ਰਾਜਸਥਾਨ ਦੇ ਹਨ। 10 ਸਤੰਬਰ, 2021 ਨੂੰ, ਜੈਪੁਰ ਪੁਲਿਸ ਨੇ ਬਿਸ਼ਨੋਈ ਵਿਰੁੱਧ ਫਿਰੌਤੀ ਅਤੇ ਧਮਕੀਆਂ ਦੇਣ ਦਾ ਮਾਮਲਾ ਦਰਜ ਕੀਤਾ ਸੀ।
ਗੈਂਗਸਟਰ ਲਾਰੈਂਸ ਬਿਸ਼ਨੋਈ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦਾ ਮੁੱਖ ਮੁਲਜ਼ਮ ਹੈ। ਬਿਸ਼ਨੋਈ ਨੇ ਅਪ੍ਰੈਲ 2010 ‘ਚ ਅਪਰਾਧ ਦੀ ਦੁਨੀਆ ‘ਚ ਪ੍ਰਵੇਸ਼ ਕੀਤਾ ਸੀ। ਇਕੱਲੇ ਪੰਜਾਬ ਵਿਚ ਬਿਸ਼ਨੋਈ ਵਿਰੁੱਧ 17 ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ ਵਿੱਚੋਂ ਉਸ ਦੇ ਗ੍ਰਹਿ ਜ਼ਿਲ੍ਹੇ ਫਾਜ਼ਿਲਕਾ ਵਿੱਚ ਛੇ, ਮੁਹਾਲੀ ਵਿੱਚ ਸੱਤ, ਫਰੀਦਕੋਟ ਵਿੱਚ ਦੋ ਅਤੇ ਅੰਮ੍ਰਿਤਸਰ ਅਤੇ ਮੁਕਤਸਰ ਵਿੱਚ ਇੱਕ-ਇੱਕ ਕੇਸ ਹੈ।