
ਉੜੀਸ਼ਾ ਦੇ ਬਾਲਾਸੋਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਇੱਥੇ ਬਹਿਨਾਗਾ ਰੇਲਵੇ ਸਟੇਸ਼ਨ ਨੇੜੇ ਤਿੰਨ ਟਰੇਨਾਂ ਆਪਸ ਵਿੱਚ ਟਕਰਾ ਗਈਆਂ। ਉੜੀਸਾ ਦੇ ਮੁੱਖ ਸਕੱਤਰ ਪ੍ਰਦੀਪ ਜੇਨਾ ਨੇ ਦੱਸਿਆ ਕਿ ਰੇਲ ਹਾਦਸੇ ਵਿੱਚ 233 ਲੋਕਾਂ ਦੀ ਮੌਤ ਹੋ ਗਈ ਹੈ ਅਤੇ 900 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ। ਫਿਲਹਾਲ ਮੌਕੇ ‘ਤੇ ਰਾਹਤ ਕਾਰਜ ਜਾਰੀ ਹਨ। ਮ੍ਰਿਤਕਾਂ ਦੀ ਗਿਣਤੀ ਹੁਣ ਵਧ ਸਕਦੀ ਹੈ। ਦੂਜੇ ਪਾਸੇ ਇਸ ਭਿਆਨਕ ਰੇਲ ਹਾਦਸੇ ਤੋਂ ਬਾਅਦ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਇਕ ਦਿਨ ਦੇ ਰਾਜਕੀ ਸੋਗ ਦਾ ਐਲਾਨ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹਾਵੜਾ-ਬੈਂਗਲੁਰੂ ਐਕਸਪ੍ਰੈੱਸ ਦੇ ਕਈ ਡੱਬੇ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਪਟੜੀ ਤੋਂ ਉਤਰ ਗਏ ਅਤੇ ਉੜੀਸਾ ਦੇ ਬਹੰਗਾਬਾਜ਼ਾਰ ‘ਚ ਨਾਲ ਲੱਗਦੇ ਟ੍ਰੈਕ ‘ਤੇ ਜਾ ਡਿੱਗੇ। ਇਸ ਦੌਰਾਨ 12841 ਸ਼ਾਲੀਮਾਰ-ਚੇਨਈ ਸੈਂਟਰਲ ਕੋਰੋਮੰਡਲ ਐਕਸਪ੍ਰੈਸ ਉਸ ਟ੍ਰੈਕ ‘ਤੇ ਆਈ ਅਤੇ ਪਲਟ ਗਏ ਡੱਬਿਆਂ ਨਾਲ ਟਕਰਾ ਗਈ। ਇਸ ਕਾਰਨ ਕੋਰੋਮੰਡਲ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਨਾਲ ਲੱਗਦੀ ਪਟੜੀ ਤੋਂ ਲੰਘ ਰਹੀ ਮਾਲ ਗੱਡੀ ਨਾਲ ਟਕਰਾ ਗਏ। ਮੌਕੇ ‘ਤੇ ਪਹੁੰਚੇ ਸਥਾਨਕ ਲੋਕਾਂ ਨੇ ਯਾਤਰੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਐਨਡੀਆਰਐਫ ਰਾਜ ਸਰਕਾਰ ਅਤੇ ਹਵਾਈ ਸੈਨਾ ਨੇ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਕੀਤੇ।