Surrey, 25 July 2023,(Punjab Today News Ca):- ਪੰਜਾਬੀ ਰੰਗਮੰਚ ਦੇ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਨਾਰਥ ਡੈਲਟਾ ਦੇ ਸੈਕੰਡਰੀ ਸਕੂਲ ਵਿਚ ਪੇਸ਼ ਕੀਤਾ ਗਿਆ ਨਾਟਕ ‘ਲੱਛੂ ਕਬਾੜੀਆ’ ਮਨੁੱਖੀ ਮਨਾਂ ਨੂੰ ਬੁਰੀ ਤਰ੍ਹਾਂ ਝੰਜੋੜ ਗਿਆ। ਰਾਜਨੀਤਕ ਆਗੂਆਂ ਦੀਆਂ ਚਾਲਾਂ, ਧਾਰਮਿਕ ਪੰਖਡੀਆਂ ਦੇ ਕਿਰਦਾਰ, ਜਾਤ-ਪਾਤ ਦੇ ਕੋਹੜ, ਊਚ-ਨੀਚ ਦੇ ਵਰਤਾਰੇ ਅਤੇ ਨਿਮਨ ਵਰਗ ਦੇ ਲੋਕਾਂ ਦੇ ਸ਼ੋਸ਼ਣ ਨੂੰ ਡਾ. ਸਾਹਿਬ ਸਿੰਘ ਨੇ ਆਪਣੀ ਨਾਟਕ ਕਲਾ ਦੀ ਜੁਗਤ ਰਾਹੀਂ ਅਜਿਹਾ ਦ੍ਰਿਸ਼ਟਮਾਨ ਕੀਤਾ ਕਿ ਖਚਾਖਚ ਭਰੇ ਹਾਲ ਵਿਚ ਬੈਠੇ ਸੈਂਕੜੇ ਦਰਸ਼ਕਾਂ ਦੀਆਂ ਅੱਖਾਂ ਛਲਕਣੋਂ ਨਾ ਰਹਿ ਸਕੀਆਂ। ਅਨੇਕਾਂ ਸਮਾਜਿਕ ਕੁਰੀਤੀਆਂ ਦਾ ਪਰਦਾਫਾਸ਼ ਕਰਨ, ਇਨ੍ਹਾਂ ਦੇ ਪਿਛੋਕੜ ਨੂੰ ਸਮਝਣ ਅਤੇ ਬੇਗਮਪੁਰੇ ਦਾ ਸੰਸਾਰ ਵਸਾਉਣ ਦਾ ਸੁਨੇਹਾ ਦਿੰਦਾ ਹੋਇਆ ਇਹ ਨਾਟਕ ਲੋਕ-ਮਨਾਂ ‘ਤੇ ਗਹਿਰਾ ਪ੍ਰਭਾਵ ਛੱਡ ਗਿਆ। ਨਾਟਕਕਾਰ, ਰੰਗਕਰਮੀ ਤੇ ਨਿਰਦੇਸ਼ਕ ਡਾ. ਸਾਹਿਬ ਸਿੰਘ ਵੱਲੋਂ ਹਰ ਇਕ ਗ਼ਲਤ ਵਰਤਾਰੇ ਉੱਪਰ ਕੀਤੀ ਕਰਾਰੀ ਚੋਟ ਨੂੰ ਦਰਸ਼ਕਾਂ ਨੇ ਭਰਪੂਰ ਤਾੜੀਆਂ ਨਾਲ ਹੁੰਗਾਰਾ ਦਿੱਤਾ।