Ludhiana 9 August 2023,(Punjab Today News CA):- ਪੀ.ਏ.ਯੂ. ਦੇ ਖੇਤੀ ਬਾਇਓਤਕਨਾਲੋਜੀ ਸਕੂਲ ਤੋਂ ਪੀ ਐੱਚ ਡੀ ਕਰਨ ਵਾਲੀ ਵਿਦਿਆਰਥਣ ਡਾ. ਕਰਮਿੰਦਰਬੀਰ ਕੌਰ ਨੂੰ ਕੈਨੇਡਾ ਦੀ ਮੈਕਗਿਲ ਯੂਨੀਵਰਸਿਟੀ (McGill University) ਤੋਂ ਪੋਸਟ ਡਾਕਟਰਲ ਖੋਜ ਕਰਨ ਦਾ ਮੌਕਾ ਮਿਲ ਰਿਹਾ ਹੈ | ਡਾ. ਕੌਰ ਉਸ ਯੂਨੀਵਰਸਿਟੀ ਵਿੱਚ ਕਣਕ ਦੇ ਜੀਨ ਸੰਪਾਦਨ ਅਤੇ ਰੂਪਾਂਤਰਣ ਬਾਰੇ ਖੋਜ ਕਰੇਗੀ ਅਤੇ ਉਸਦੇ ਨਿਗਰਾਨ ਮੈਕਗਿਲ ਯੂਨੀਵਰਸਿਟੀ ਦੇ ਮੈਕਡੋਨਲਡ ਕੈਂਪਸ, ਮਾਂਟਰੀਅਲ ਦੇ ਪੌਦਾ ਵਿਗਿਆਨ ਵਿਭਾਗ ਦੇ ਮਾਹਿਰ ਡਾ. ਜਸਵਿੰਦਰ ਸਿੰਘ ਹੋਣਗੇ |
ਜ਼ਿਕਰਯੋਗ ਹੈ ਕਿ ਵਿਦਿਆਰਥਣ ਨੇ ਆਪਣੀ ਪੀ ਐੱਚ ਡੀ ਖੇਤੀ ਬਾਇਓਤਕਨਾਲੋਜੀ ਸਕੂਲ ਤੋਂ ਡਾ. ਕੁਮਾਰੀ ਨੀਲਮ ਦੀ ਅਗਵਾਈ ਵਿੱਚ ਕੀਤੀ | ਇਸ ਦੌਰਾਨ ਕਰਮਿੰਦਰਬੀਰ ਕੌਰ (Karminderbir Kaur) ਨੇ ਉੱਚੇ ਵੱਕਾਰ ਵਾਲੀ ਸਕਾਲਰਸ਼ਿਪ ਮੌਨਸੈਂਟੋ ਬੀਚਲ-ਬੋਰਲੋਗ ਵੀ ਹਾਸਲ ਕੀਤੀ | ਉਹਨਾਂ ਦਾ ਕੰਮ ਚੌਲਾਂ ਦੇ ਜੀਨ ਸੰਪਾਦਨ ਦੇ ਸੰਬੰਧ ਵਿੱਚ ਸੀ ਅਤੇ ਇਹ ਕਾਰਜ ਉਹਨਾਂ ਨੇ ਕੈਲੇਫੋਰਨੀਆ ਡੇਵਿਸ ਯੂਨੀਵਰਸਿਟੀ ਅਮਰੀਕਾ ਦੇ ਸਹਿਯੋਗ ਨਾਲ ਸੰਪੂਰਨ ਕੀਤਾ | ਉਹਨਾਂ ਵੱਲੋਂ ਖੋਜੀਆਂ ਗਈਆਂ ਲੱਭਤਾਂ ਉੱਚ ਪੱਧਰੀ ਖੋਜ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ|