Uttar Pradesh,27 Nov,(Punjab Today News Ca):- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮੁਗ਼ਲਾਂ ਅਤੇ ਸਿੱਖਾਂ ਵਿਚਕਾਰ ਹੋਏ ਸੰਘਰਸ਼ ਦੀ ਯਾਦ ਦਿਵਾਉਂਦਿਆਂ ਸੋਮਵਾਰ ਨੂੰ ਕਿਹਾ ਕਿ ਅੱਜ ਸਿੱਖ ਪੂਰੀ ਦੁਨੀਆਂ ’ਚ ਛਾਏ ਹੋਏ ਹਨ,ਪਰ ਮੁਗ਼ਲਾਂ ਦੀ ਸੱਤਾ ਦਾ ਕਿਤੇ ਅਤਾ-ਪਤਾ ਨਹੀਂ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਰਾਜਧਾਨੀ ਲਖਨਊ ਦੇ ਆਸ਼ੀਆਨਾ ਸਥਿਤ ਗੁਰਦੁਆਰੇ ’ਚ ਸ੍ਰੀ ਗੁਰੂ ਨਾਨਕ ਦੇਵ ਜੀ (Shri Guru Nanak Dev Ji) ਦੇ 554ਵੇਂ ਪ੍ਰਕਾਸ਼ ਪੁਰਬ ’ਤੇ ਕਰਵਾਏ ਪ੍ਰੋਗਰਾਮ ਨੂੰ ਸੰਬੋਧਨ ਕੀਤਾ,ਇਸ ਮੌਕੇ ਉਨ੍ਹਾਂ ਕਿਹਾ, ‘‘ਸਿੱਖ ਗੁਰੂਆਂ ਦੀ ਕੁਰਬਾਨੀ ਸਿਰਫ਼ ਖ਼ਾਲਸਾ ਪੰਥ ਲਈ ਨਾ ਹੋ ਕੇ ਹਿੰਦੁਸਤਾਨ ਅਤੇ ਧਰਮ ਨੂੰ ਬਚਾਉਣ ਲਈ ਸੀ।’’
ਮੁੱਖ ਮੰਤਰੀ ਨੇ ਕਿਹਾ, ‘‘ਉਸ ਦੌਰ ’ਚ ਜਦੋਂ ਵੱਡੇ-ਵੱਡੇ ਰਾਜ-ਮਹਾਰਾਜੇ ਮੁਗ਼ਲ ਸੱਤਾ ਦੀ ਅਧੀਨਗੀ ਮੰਨ ਰਹੇ ਸਨ, ਤਾਂ ਸਿੱਖ ਗੁਰੂ ਅਪਣੇ ਦਮ ’ਤੇ ਦੇਸ਼ ਅਤੇ ਧਰਮ ਦੀ ਰਾਖੀ ਕਰ ਰਹੇ ਸਨ। ਜਿਸ ਦੇਸ਼ ਅਤੇ ਪੰਪਰਾ ’ਚ ਇਸ ਤਰ੍ਹਾਂ ਦਾ ਜੁਝਾਰੂਪਨ ਹੋਵੇ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਝੁਕਾ ਨਹੀਂ ਸਕਦੀ।’’ ਮੁੱਖ ਮੰਤਰੀ ਨੇ ਕਿਹਾ, ‘‘ਖ਼ਾਲਸਾ ਪੰਥ ਦੀ ਸਥਾਪਨਾ ਮੁਗ਼ਲ ਸਲਤਨਤ ਦੇ ਪਤਨ ਕਾਰਨ ਬਣੀ। ਅੱਜ ਸਿੱਖ ਪੂਰੀ ਦੁਨੀਆਂ ’ਤੇ ਛਾਏ ਹੋਏ ਹਨ, ਪਰ ਮੁਗ਼ਲਾਂ ਦੀ ਸੱਤਾ ਦਾ ਕਿਤੇ ਅਤਾ-ਪਤਾ ਨਹੀਂ ਹੈ। ਇਹ ਸੱਚ ਅਤੇ ਧਰਮ ਦਾ ਰਾਹ ਹੈ।’’
ਮੁੱਖ ਮੰਤਰੀ ਨੇ ਸੂਬਾ ਵਾਸੀਆਂ ਨੂੰ ਪ੍ਰਕਾਸ਼ ਪੁਰਬ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਪ੍ਰਕਾਸ਼ ਪੁਰਬ ਸਾਡੇ ਸਾਰਿਆਂ ਦੇ ਜੀਵਨ ’ਚ ਗੁਰੂ ਕ੍ਰਿਪਾ ਤੋਂ ਗਿਆਨ ਦਾ ਚਾਨਣ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਗੁਰੂਆਂ ਦਾ ਤਿਆਗ, ਕੁਰਬਾਨੀ, ਭਗਤੀ, ਤਾਕਤ, ਸਾਧਨਾ ਦੇਸ਼ ਅਤੇ ਧਰਮ ਲਈ ਅਦੁੱਤੀ ਹੈ ਅਤੇ ਭਾਰਤ ਹੀ ਨਹੀਂ ਪੂਰੀ ਦੁਨੀਆਂ ’ਚ ਗੁਰੂ ਨਾਨਕ ਜੀ ਦਾ ਪ੍ਰਕਾਸ਼ ਫੈਲਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਕ ਪੱਖ ਭਗਤੀ ਰਾਹੀਂ ਸਾਧਨਾ ਦਾ ਹੈ, ਤਾਂ ਦੂਜਾ ਪੱਖ ਭਗਤੀ ਰਾਹੀਂ ਲੋਕ ਭਲਾਈ ਅਤੇ ਦੇਸ਼ ਦੀ ਭਲਾਈ ਦਾ ਰਾਹ ਪੱਧਰਾ ਕਰਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਭਗਤੀ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਉਸ ਦੌਰ ’ਚ ਬਾਬਰ ਦੇ ਜ਼ੁਲਮਾਂ ਵਿਰੁਧ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ, ‘‘ਜਾਤ-ਪਾਤ ਅਤੇ ਹੋਰ ਤੰਗ ਵਿਚਾਰਾਂ ਤੋਂ ਮੁਕਤ ਰਹਿ ਕੇ ਕਿਰਤ ਕਰਨ ਦੀ ਪ੍ਰੇਰਣਾ ਸਾਨੂੰ ਗੁਰੂ ਨਾਨਕ ਦੇਵ ਜੀ ਤੋਂ ਮਿਲਦੀ ਹੈ।’’
ਯੋਗੀ ਆਦਿਤਿਆਨਾਥ ਨੇ ਕਿਹਾ ਕਿ ਸਿੱਖ ਧਰਮ ਭਗਤੀ ਦੇ ਗੂੜ੍ਹ ਰਹੱਸਾਂ ਨਾਲ ਭਰਿਆ ਪਿਆ ਹੈ ਅਤੇ ਖ਼ਾਲਸਾ ਸਿਰਫ਼ ਇਕ ਪੰਥ ਨਹੀਂ ਹੈ, ਇਹ ਦੇਸ਼ ਅਤੇ ਧਰਮ ਦੀ ਰਾਖੀ ਲਈ ਗੁਰੂ ਕ੍ਰਿਪਾ ਤੋਂ ਨਿਕਲਿਆ ਹੋਇਆ ਪ੍ਰਕਾਸ਼ ਪੁੰਜ ਹੈ। ਇਸ ਨੇ ਮੁਸ਼ਕਲ ਹਾਲਾਤ ’ਚ ਵੀ ਵਿਦੇਸ਼ੀ ਤਾਕਤਾਂ ਨੂੰ ਝੁਕਣ ਲਈ ਮਜਬੂਰ ਕੀਤਾ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਪ੍ਰੇਰਿਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਜੀ ਵਲੋਂ ਰੱਖੀ ਗਈ ਇਸ ਨੀਂਹ ਨੂੰ ਹੋਰ ਮਜ਼ਬੂਤ ਕਰਨਾ ਹਰ ਸਿੱਖ ਅਤੇ ਹਰ ਭਾਰਤੀ ਦਾ ਫ਼ਰਜ਼ ਹੈ ਅਤੇ ਇਸ ’ਚ ਹੀ ਦੇਸ਼ ਦੀ ਖ਼ੁਸ਼ਹਾਲੀ ਲੁਕੀ ਹੋਈ ਹੈ।