New Delhi,22 March,2024,(Punjab Today News Ca):- ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਈ.ਡੀ. ਨੇ ਆਬਕਾਰੀ ਨੀਤੀ ਬਣਾਉਣ ਵਿਚ ਭ੍ਰਿਸ਼ਟਾਚਾਰ ਦੇ ਦੋਸ਼ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ,ਜਿਸ ਨੂੰ ਲੈ ਕੇ ਇਹ ਕਿਹਾ ਜਾ ਰਿਹਾ ਹੈ ਕਿ ਭਾਰਤ ਦੇ ਇਤਿਹਾਸ ’ਚ ਜਾਂਚ ਏਜੰਸੀਆਂ ਵੱਲੋਂ ਮੌਜੂਦਾ ਮੁੱਖ ਮੰਤਰੀ ਨੂੰ ਗ੍ਰਿਫ਼ਤਾਰ ਕਰਨ ਦਾ ਪਹਿਲਾ ਮਾਮਲਾ ਹੈ,ਭਾਵੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਹੁਣ ਤਕ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਗਿਆ,ਪਰ ਇਸ ਤੋਂ ਪਹਿਲਾਂ ਜਾਂਚ ਏਜੰਸੀਆਂ ਦੀ ਕਾਰਵਾਈ ਕਾਰਨ ਹੁਣ ਤਕ 5 ਮੁੱਖ ਮੰਤਰੀਆਂ ਨੂੰ ਕੁਰਸੀ ਛੱਡਣੀ ਪਈ ਹੈ।
ਇਨ੍ਹਾਂ ਵਿਚ ਤਾਜ਼ਾ ਮਾਮਲਾ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦਾ ਹੈ,ਜਿਨ੍ਹਾਂ ਨੇ ਜ਼ਮੀਨ ਘਪਲੇ ਦੇ ਮਾਮਲੇ ’ਚ ਕੋਰਟ ਤੋਂ ਰਾਹਤ ਨਾ ਮਿਲਣ ’ਤੇ 31 ਜਨਵਰੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਈ.ਡੀ. ਅੱਗੇ ਸਰੰਡਰ ਕਰ ਦਿੱਤਾ ਸੀ,ਪੁਰਾਣੇ ਮਾਮਲਿਆਂ ਦੀ ਗੱਲ ਕਰੀਏ ਤਾਂ 1997 ਵਿਚ ਸੀ.ਬੀ.ਆਈ. (CBI) ਵੱਲੋਂ ਚਾਰਾ ਘਪਲਾ ਮਾਮਲੇ ਵਿਚ ਚਾਰਜਸ਼ੀਟ ਦਾਖ਼ਲ ਕਰਨ ਦੇ ਮੱਦੇਨਜ਼ਰ ਲਾਲੂ ਪ੍ਰਸਾਦ ਯਾਦਵ ਨੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਰਾਬੜੀ ਦੇਵੀ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਸੀ,ਇਸ ਤੋਂ ਬਾਅਦ ਤਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੂੰ ਆਮਦਨ ਤੋਂ ਵੱਧ ਜਾਇਦਾਦ ਤੇ ਲੈਂਡ ਡੀਲ ਮਾਮਲੇ ਵਿਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਅਸਤੀਫ਼ਾ ਦੇਣਾ ਪਿਆ ਸੀ।
ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੀ ਮੁੱਖ ਮੰਤਰੀ ਉਮਾ ਭਾਰਤੀ ਨੂੰ ਕੋਰਟ ਤੋਂ ਵਰੰਟ ਜਾਰੀ ਹੋਣ ਤੋਂ ਬਾਅਦ ਕੁਰਸੀ ਛੱਡਣੀ ਪਈ ਸੀ,ਇਸ ਤੋਂ ਇਲਾਵਾ ਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਨੂੰ ਮਾਈਨਿੰਗ ਮਾਮਲੇ (Mining Matters) ’ਚ ਲੋਕਪਾਲ ਤੇ ਸੀ.ਬੀ.ਆਈ. (CBI) ਦੀ ਰਿਪੋਰਟ ਵਿਚ ਨਾਂ ਆਉਣ ’ਤੇ ਭਾਜਪਾ ਦੇ ਦਬਾਅ ਹੇਠ ਕੁਰਸੀ ਛੱਡਣੀ ਪਈ ਹੈ,ਹੁਣ ਸਾਰਿਆਂ ਦੀਆਂ ਨਜ਼ਰਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਟਿਕੀਆਂ ਹੋਈਆਂ ਹਨ ਕਿ ਉਹ ਈ.ਡੀ. (ED) ਵੱਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਬਾਰੇ ਕੀ ਫ਼ੈਸਲਾ ਲੈਂਦੇ ਹਨ।