ਟੋਰਾਂਟੋ ; ਚਹਿਲ : -ਦੁਨੀਆ ਦੀ ਸਭ ਤੋਂ ਮਹਿੰਗੀ ਕਬੱਡੀ ਵਜੋਂ ਮਸ਼ਹੂਰ ਟੋਰਾਂਟੋ ਦਾ ਕਬੱਡੀ ਸੀਜ਼ਨ, ਕਬੱਡੀ ਫੈਡਰੇਸ਼ਨ ਆਫ਼ ਓਨਟਾਰੀਓ ਦੇ ਬੈਨਰ ਹੇਠ ਓਨਟਾਰੀਓ ਕਬੱਡੀ ਕਲੱਬ (ਓ ਕੇ ਸੀ) ਵੱਲੋਂ ਕਰਵਾਏ ਗਏ ਪਲੇਠੇ ਕੱਪ ਨਾਲ ਹੋ ਗਿਆ ਹੈ। ਸੀਏਏ ਸੈਂਟਰ ’ਚ ਕਰਵਾਏ ਇਸ ਕੱਪ ਨੂੰ ਜਿੱਤਣ ਦਾ ਮਾਣ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਪ੍ਰਾਪਤ ਕੀਤਾ ਹੈ। ਮੇਜ਼ਬਾਨ ਕਲੱਬ ਦੀ ਟੀਮ ਉਪ ਜੇਤੂ ਰਹੀ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗਭਰੇਟ ਅੱਵਲ ਰਹੇ। ਓਕੇਸੀ ਦੇ ਪ੍ਰਧਾਨ ਬਿੱਲਾ ਥਿਆੜਾ ਤੇ ਚੇਅਰਮੈਨ ਗੁਰਲਾਟ ਸਹੋਤਾ (ਲਾਡਾ ਸਹੋਤਾ) ਦੀ ਅਗਵਾਈ ’ਚ ਕਰਵਾਏ ਗਏ ਇਸ ਕੱਪ ਦਾ ਹਜ਼ਾਰਾਂ ਦਰਸ਼ਕਾਂ ਨੇ ਖ਼ੁਸ਼ਗਵਾਰ ਮੌਸਮ ’ਚ ਅਨੰਦ ਮਾਣਿਆ। ਇਸ ਮੌਕੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇਣ ਵਾਲੇ ਨਾਮਵਰ ਕਬੱਡੀ ਖਿਡਾਰੀ ਪਰਮਜੀਤ ਸਿੰਘ ਪੰਮਾ ਸੋਹਾਣਾ ਨੂੰ ਪ੍ਰਬੰਧਕਾਂ, ਖਿਡਾਰੀਆਂ ਤੇ ਦਰਸ਼ਕਾਂ ਨੇ ਮੋਨ ਧਾਰ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ।
ਓਨਟਾਰੀਓ ਕਬੱਡੀ ਕਲੱਬ ਵੱਲੋਂ ਕਰਵਾਏ ਗਏ ਇਸ ਸਫਲ ਕੱਪ ਦਾ ਆਯੋਜਨ ਪ੍ਰਧਾਨ ਬਿੱਲਾ ਥਿਆੜਾ, ਚੇਅਰਮੈਨ ਗੁਰਲਾਟ ਸਹੋਤਾ (ਲਾਡਾ ਸਹੋਤਾ), ਸਕੱਤਰ ਪਿੰਦਾ ਤੂਰ, ਖ਼ਜ਼ਾਨਚੀ ਗੁਰਪ੍ਰੀਤ ਢੇਸੀ, ਮੀਤ ਪ੍ਰਧਾਨ ਗੁਰਦੇਵ ਥਿੰਦ, ਮੀਤ ਚੇਅਰਮੈਨ ਤੀਰਥ ਗਾਖਲ, ਕੋਚ ਭਾਈ ਗਾਖਲ, ਸ਼ੇਰਾ ਮੰਡੇਰ, ਮਨਪ੍ਰੀਤ ਢੇਸੀ ਤੇ ਬਲਜਿੰਦਰ ਸਿੰਘ, ਮੈਂਬਰ ਹੈਰੀ ਸਹੋਤਾ, ਮੱਖਣ ਸਹੋਤਾ, ਤਲਵਿੰਦਰ ਥਿਆੜਾ, ਅਮਰਜੀਤ ਥਿਆੜਾ, ਕੁਲਦੀਪ ਸਿੰਘ, ਸੁੱਖਾ ਮੰਡੇਰ, ਪਰਮਜੀਤ ਜੱਜ, ਕੁਲਦੀਪ ਸਿੰਘ ਚੰਦੀ, ਮੱਖਣ ਸਹੋਤਾ, ਪੱਪੂ ਢੱਟ ਤੇ ਕਾਲਾ ਸੰਘਿਆਂ ਆਦਿ ਵੱਲੋਂ ਸਖ਼ਤ ਮਿਹਨਤ ਨਾਲ ਕਰਵਾਇਆ ਗਿਆ।
ਇਸ ਕੱਪ ਦੌਰਾਨ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਖੇਡਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ, ਮਨਿੰਦਰ ਸਿੱਧੂ ਤੇ ਕਵਿੰਦਰ ਗਹੀਰ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ। ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਉੱਭਰਦੇ ਕੌਮਾਂਤਰੀ ਤੀਰ ਅੰਦਾਜ਼ ਕੰਵਰਪਾਲ ਸਿੰਘ ਤੇਜਾ (ਵਿਸ਼ਵ ਰਿਕਾਰਡ ਸਿਰਜਕ) ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਕਬੱਡੀ ਨਾਲ ਜੁੜੀਆਂ ਸ਼ਖ਼ਸੀਅਤਾਂ ਕੋਚ ਸਰਦੂਲ ਸਿੰਘ ਰੰਧਾਵਾ, ਸੁਰਿੰਦਰ ਸਿੰਘ ਟੋਨੀ ਕਾਲਖ, ਕਿੰਦਾ ਬਿਹਾਰੀਪੁਰੀਆ, ਸੰਦੀਪ ਲੱਲੀਆਂ ਆਦਿ ਪੁੱਜੇ। ਇਸ ਮੌਕੇ ਜਸਵੰਤ ਖੜਗ ਹੋਰਾਂ ਦਾ ਰਸਾਲਾ ‘ਉੱਤਮ ਖੇਡ ਕਬੱਡੀ’ ਵੀ ਰਿਲੀਜ਼ ਕੀਤਾ ਗਿਆ।
ਇਸ ਕੱਪ ਦੇ ਪਹਿਲੇ ਮੈਚ ’ਚ ਓਨਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਫਸਵੇਂ ਮੁਕਾਬਲੇ ’ਚ ਗ੍ਰੇਟਰ ਟੋਰਾਂਟੋ ਏਰੀਆ ਕਲੱਬ (ਜੀ ਟੀ ਏ) ਨੂੰ 39-35.5 ਅੰਕਾਂ ਨਾਲ ਹਰਾਇਆ। ਦੂਸਰੇ ਮੈਚ ’ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ ਬੇਹੱਦ ਰੋਚਕ ਮੈਚ ਦੌਰਾਨ 33.5-31 ਅੰਕਾਂ ਨਾਲ ਹਰਾਇਆ। ਤੀਸਰੇ ਮੈਚ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਜੀ ਟੀ ਏ ਦੀ ਟੀਮ ਨੂੰ 37.5-29 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ। ਚੌਥੇ ਮੈਚ ’ਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 34.5-29 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ। ਪਹਿਲੇ ਸੈਮੀਫਾਈਨਲ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 41.5-37 ਅੰਕਾਂ ਨਾਲ ਹਰਾ ਕੇ, ਫਾਈਨਲ ’ਚ ਥਾਂ ਬਣਾਈ। ਦੂਸਰੇ ਸੈਮੀਫਾਈਨਲ ’ਚ ਮੇਜ਼ਬਾਨ ਓ ਕੇ ਸੀ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 42-38.5 ਅੰਕਾਂ ਨਾਲ ਹਰਾ ਕੇ ਖ਼ਿਤਾਬੀ ਦੌੜ ’ਚ ਨਾਮ ਦਰਜ ਕਰਵਾਇਆ। ਫਾਈਨਲ ਮੈਚ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਓ ਕੇ ਸੀ ਦੀ ਟੀਮ ਨੂੰ 44.5-37 ਅੰਕਾਂ ਨਾਲ ਹਰਾ ਕੇ ਟੋਰਾਂਟੋ ਸੀਜ਼ਨ ਦੇ ਪਹਿਲੇ ਕੱਪ ’ਤੇ ਕਬਜ਼ਾ ਕੀਤਾ। ਅੰਡਰ-21 ਵਰਗ ਦੇ ਪਹਿਲੇ ਮੈਚ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਓ ਕੇ ਸੀ ਦੀ ਟੀਮ ਨੂੰ 31-25.5 ਅੰਕਾਂ ਨਾਲ ਹਰਾਇਆ। ਫਿਰ ਫਾਈਨਲ ਮੈਚ ’ਚ ਭੋਲਾ ਲਿਟ ਤੇ ਟੋਨੀ ਕਾਲਖ ਦੀ ਸਿਖਲਾਈ ਯਾਫ਼ਤਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗੱਭਰੇਟਾਂ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 44-26 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ।
ਇਸ ਵਾਰ ਕਬੱਡੀ ਫੈਡਰੇਸ਼ਨ ਆਫ਼ ਓਨਟਾਰੀਓ ਵੱਲੋਂ ਬਣਾਏ ਗਏ ਨਵੇਂ ਨਿਯਮ ਅਨੁਸਾਰ ਸੈਮੀਫਾਈਨਲ ਤੇ ਫਾਈਨਲ ਦੀ ਕਾਰਗੁਜ਼ਾਰੀ ਦੇ ਅਧਾਰ ’ਤੇ ਸਰਵੋਤਮ ਖਿਡਾਰੀਆਂ ਦੀ ਚੋਣ ਕੀਤੀ ਗਈ। ਜਿਸ ਤਹਿਤ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੇ ਖਿਡਾਰੀ ਸ਼ੀਲੂ ਹਰਿਆਣਾ ਨੇ ਦੋਨਾਂ ਮੈਚਾਂ ਦੌਰਾਨ 28 ਟੱਚ ਲਗਾ ਕੇ 9 ਜੱਫੇ ਲਗਾਏ ਅਤੇ ਸਰਵੋਤਮ ਜਾਫੀ ਦਾ ਖ਼ਿਤਾਬ ਜਿੱਤਿਆ। ਇਸੇ ਤਰ੍ਹਾਂ ਇੱਕ ਹੋਰ ਹਰਿਆਣਵੀ ਖਿਡਾਰੀ ਰਵੀ ਦਿਉਰਾ ਨੇ ਸਿਖਰਲੇ ਦੋਨਾਂ ਮੈਚਾਂ ਦੌਰਾਨ 27 ਰੇਡਾਂ ਪਾਕੇ, 25 ਅੰਕ ਹਾਸਲ ਕੀਤੇ ਅਤੇ ਸਰਵੋਤਮ ਧਾਵੀ ਦਾ ਖ਼ਿਤਾਬ ਆਪਣੇ ਨਾਮ ਕੀਤਾ। ਦੱਸਣਯੋਗ ਹੈ ਕਿ ਇਹ ਦੋਨੋਂ ਖਿਡਾਰੀ ਪਿਛਲੇ ਸੀਜ਼ਨ ਦੇ ਵੀ ਆਪੋ-ਆਪਣੇ ਵਰਗਾਂ ’ਚ ਸਰਵੋਤਮ ਖਿਡਾਰੀ ਬਣੇ ਸਨ।
ਇਸ ਟੂਰਨਾਮੈਂਟ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਨੇ ਕੀਤਾ। ਟੀਵੀ ਅੰਪਾਇਰਾਂ ਦੀ ਜ਼ਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ, ਮਨੀ ਖੜਗ ਤੇ ਮਨਸਿਮਰਨ ਸਿੰਘ ਸਹੋਤਾ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਕਾਲਾ ਰਛੀਨ, ਇਕਬਾਲ ਗ਼ਾਲਿਬ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾ ਕੇ ਪੇਸ਼ ਕੀਤਾ। ਮੰਚ ਸੰਚਾਲਨ ਪਿੰਦਾ ਤੂਰ ਨੇ ਕੀਤਾ।
ਵਧੀਆ ਘਾਹਦਾਰ ਮੈਦਾਨ ’ਚ ਖੇਡੇ ਗਏ ਇਸ ਟੂਰਨਾਮੈਂਟ ਦੌਰਾਨ ਛੇ ਖਿਡਾਰੀ ਗੰਭੀਰ ਜ਼ਖ਼ਮੀ ਹੋਏ ਜਿਨ੍ਹਾਂ ’ਚ ਗੁਰਦਿਆਲ ਬੱਬੂ ਭਿੰਡਰ, ਮਨਜੋਤ ਮਾਛੀਵਾੜਾ, ਭੀਮ ਦੁਬਲੀ, ਕਰਨ ਦਿਆਲਪੁਰਾ, ਮਨੀ ਸੰਧੂ ਚੱਠਾ ਤੇ ਫ਼ਰਿਆਦ ਅਲੀ ਸ਼ਾਮਲ ਸਨ। ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ਼ ਓਨਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜੱਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖ਼ਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨਾਂ ਦੀ ਅਗਵਾਈ ’ਚ ਬਹੁਤ ਸਾਰੇ ਨਵੇਂ ਨਿਯਮ ਬਣਾਏ ਗਏ ਜਿਨ੍ਹਾਂ ’ਚ ਖਿਡਾਰੀਆਂ ਦੀ ਕੀਮਤ ਅਤੇ ਖੇਡ ਸੰਚਾਲਨ ਸਬੰਧੀ ਵਧੀਆ ਨਿਯਮ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ।