
NEW MUMBAI,(PUNJAB TODAY NEWS CA):- ਵਰਲਡ ਟੈਸਟ ਚੈਂਪੀਅਨਸ਼ਿਪ ਫਾਈਨਲ (World Test Championship Final) ਲਈ ਭਾਰਤ ਨੇ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿਚ ਮੁੰਬਈ ਦੇ ਬੱਲੇਬਾਜ਼ ਅਜਿੰਕਯ ਰਹਾਣੇ (Batsman Ajinkya Rahane) ਦਾ ਵੀ ਨਾਂ ਹੈ। 15 ਮਹੀਨਿਆਂ ਬਾਅਦ ਉਨ੍ਹਾਂ ਨੂੰ ਟੀਮ ਇੰਡੀਆ (Team India) ਵਿਚ ਜਗ੍ਹਾ ਦਿੱਤੀ ਗਈ ਹੈ। ਰਹਾਣੇ ਨੇ ਆਪਣੇ ਪਿਛਲਾ ਮੁਕਾਬਲਾ 11 ਜਨਵਰੀ 2022 ਨੂੰ ਸਾਊਥ ਅਫਰੀਕਾ ਖਿਲਾਫ ਖੇਡਿਆ ਸੀ। ਟੀਮ ਵਿਚ 6 ਸਪੈਸ਼ਲਿਸਟ ਬੈਟਰ ਸ਼ਾਮਲ ਕੀਤੇ ਗਏ ਹਨ ਪਰ ਇਨ੍ਹਾਂ ਵਿਚ ਸੂਰਯਕੁਮਾਰ ਯਾਦਵ ਦਾ ਨਾਂ ਨਹੀਂ ਹੈ।
WTC ਦਾ ਫਾਈਨਲ 7 ਤੋਂ 11 ਜੂਨ ਵਿਚ ਇੰਗਲੈਂਡ ਦੇ ਓਵਲ ਮੈਦਾਨ ਵਿਚ ਇੰਡੀਆ ਤੇ ਆਸਟ੍ਰੇਲੀਆ ਵਿਚ ਹੋਣਾ ਹੈ। ਟੀਮ ਇੰਡੀਆ ਲਗਾਤਾਰ ਦੂਜੀ ਵਾਰ ਫਾਈਨਲ ਵਿਚ ਪਹੁੰਚੀ ਹੈ। 2021 ਵਿਚ ਖੇਡੇ ਗਏ ਪਹਿਲੇ ਵਰਲਡ ਟੈਸਟ ਚੈਂਪੀਅਨਸ਼ਿਪ (World Test Championship) ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 8 ਵਿਕਟਾਂ ਤੋਂ ਹਰਾਇਆ ਸੀ।
ਰਹਾਣੇ ਦਾ IPL ਦੇ 16ਵੇਂ ਸੀਜਨ ਵਚਿ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਉਨ੍ਹਾਂ ਨੇ ਇਸ ਸੀਜ਼ਨ ਵਿਚ ਚੰਗੀ ਬੱਲੇਬਾਜ਼ੀ ਕੀਤੀ ਹੈ। ਹੁਣ ਤੱਕ ਖੇਡੇ 5 ਮੈਚਾਂ ਵਿਚ 52.25 ਦੀ ਔਸਤ ਨਾਲ 209 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਈਕ ਰੇਟ 199.05 ਰਿਹਾ ਹੈ।
ਕੇਕੇਆਰ ਖਿਲਾਫ ਰਹਾਣੇ ਨੇ 29 ਗੇਂਦਾਂ ‘ਤੇ 71 ਦੌੜਾਂ ਦੀ ਨਾਟਆਊਟ ਪਾਰੀ ਖੇਡੀ। ਇਸ ਵਿਚ ਉਨ੍ਹਾਂ ਨੇ 6 ਚੌਕੇ ਤੇ 5 ਛੱਕੇ ਲਗਾਏ। ਮੁੰਬਈ ਖਿਲਾਫ ਜਦੋਂ ਚੇਨਈ ਮੁਸ਼ਕਲ ਵਿਚ ਸੀ ਤਾਂ ਰਹਾਣੀ ਨੇ 27 ਗੇਂਦਾਂ ਵਿਚ 61 ਦੌੜਾਂ ਦੀ ਪਾਰੀ ਖੇਡ ਕੇ ਟੀਮ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਬੰਗਲੌਰ ਖਿਲਾਫ 37 ਤੇ ਰਾਜਸਥਾਨ ਖਿਲਾਫ 31 ਦੌੜਾਂ ਦੀ ਪਾਰੀ ਖੇਡੀ ਸੀ।
ਰਹਾਣੇ ਨੇ ਹੁਣ ਤੱਕ 82 ਟੈਸਟ ਮੈਚ ਖੇਡੇ ਹਨ। ਇਨ੍ਹਾਂ ਵਿਚ ਉਨ੍ਹਾਂ ਦਾ ਔਸਤ 38.52 ਹੈ। ਉਹ 5 ਹਜ਼ਾਰ ਦੌੜਾਂ ਤੋਂ 69 ਦੌੜਾਂ ਹੀ ਪਿੱਛੇ ਹਨ। ਉਨ੍ਹਾਂ ਨੇ 12 ਸੇਂਚੁਰੀ ਤੇ 25 ਫਿਫਟੀ ਲਗਾਈ ਹੈ। ਹਾਈਐਸਟ ਸਕੋਰ 188 ਦੌੜਾਂ ਹਨ।