Amritsar Sahib,21 April,2024,(Punjab Today News Ca):- ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ (Giani Raghbir Singh) ਨੇ ਇਟਲੀ ਵਿਚ ਇਕ ਅੰਮ੍ਰਿਤਧਾਰੀ ਸਿੱਖ ਦੇ ਖ਼ਿਲਾਫ਼ ਸ੍ਰੀ ਸਾਹਿਬ ਪਾਈ ਹੋਣ ਕਾਰਨ ‘ਤੇਜ਼ਧਾਰ ਹਥਿਆਰ’ ਰੱਖਣ ਦਾ ਪੁਲਿਸ ਵਲੋਂ ਮਾਮਲਾ ਦਰਜ ਕਰਨ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਜੀ (Shri Akal Takht Sahib Ji) ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ੍ਰੀ ਸਾਹਿਬ ਅੰਮ੍ਰਿਤਧਾਰੀ ਸਿੱਖਾਂ ਦੇ ਪੰਜ ਕਕਾਰਾਂ ਵਿਚੋਂ ਇਕ ਹੈ ਅਤੇ ਇਟਲੀ ਵਿਚ ਤਿੰਨ ਮਹੀਨੇ ਪਹਿਲਾਂ ਹੀ ਗਏ ਇਕ ਅੰਮ੍ਰਿਤਧਾਰੀ ਸਿੱਖ ਗੁਰਬਚਨ ਸਿੰਘ ਦੇ ਖ਼ਿਲਾਫ਼ ਸ੍ਰੀ ਸਾਹਿਬ ਪਹਿਨੀ ਹੋਣ ਕਾਰਨ ਪੁਲਿਸ ਮਾਮਲਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਆਜ਼ਾਦੀ ‘ਤੇ ਸਿੱਧਾ ਹਮਲਾ ਹੈ।
ਉਨ੍ਹਾਂ ਆਖਿਆ ਕਿ ਅੱਜ ਸਿੱਖ ਦੁਨੀਆ ਦੇ ਕੋਨੇ-ਕੋਨੇ ਵਿਚ ਵੱਸਦੇ ਹਨ ਅਤੇ ਗੁਰੂ ਸਾਹਿਬ ਦੇ ਦਿੱਤੇ ਸਰਬ-ਸਾਂਝੀਵਾਲਤਾ ਦੇ ਫਲਸਫੇ ਅਨੁਸਾਰ ਆਪਣੀ ਮਿਹਨਤ, ਇਮਾਨਦਾਰੀ ਅਤੇ ਲਿਆਕਤ ਦੇ ਸਦਕਾ ਹਰ ਖੇਤਰ ਵਿਚ ਆਪਣੀ ਪਛਾਣ ਸਥਾਪਿਤ ਕਰ ਚੁੱਕੇ ਹਨ। ਇਟਲੀ ਸਰਕਾਰ ਨੂੰ ਸਿੱਖ ਧਰਮ ਦੀ ਵਿਸ਼ਵ ਪ੍ਰਸੰਗਿਕਤਾ ਨੂੰ ਸਮਝਦਿਆਂ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਨਾਲ ਰਹਿਣ ਦਾ ਅਧਿਕਾਰ ਦੇਣਾ ਚਾਹੀਦਾ ਹੈ।
ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਦੇਸ਼ ਕੀਤਾ ਕਿ ਉਹ ਭਾਰਤ ਸਥਿਤ ਇਟਲੀ ਦੇ ਦੂਤਾਵਾਸ ਨਾਲ ਸੰਪਰਕ ਕਰਕੇ ਅੰਮ੍ਰਿਤਧਾਰੀ ਸਿੱਖਾਂ ਲਈ ਸ੍ਰੀ ਸਾਹਿਬ ਦੀ ਮਹੱਤਤਾ ਤੋਂ ਜਾਣੂ ਕਰਵਾਏ ਤਾਂ ਜੋ ਇਟਲੀ (Italy) ਸਰਕਾਰ ਵਲੋਂ ਅੰਮ੍ਰਿਤਧਾਰੀ ਸਿੱਖ ਗੁਰਬਚਨ ਸਿੰਘ ਖ਼ਿਲਾਫ਼ ਸ੍ਰੀ ਸਾਹਿਬ ਜੀ (Shri Sahib Ji) ਨੂੰ ‘ਤੇਜ਼ਧਾਰ ਹਥਿਆਰ’ ਸਮਝ ਕੇ ਦਰਜ ਕੀਤੇ ਮਾਮਲੇ ਨੂੰ ਰੱਦ ਕਰਵਾਇਆ ਜਾ ਸਕੇ।