

ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸਭਾ ਵਿੰਨੀਪੈਗ ਵੱਲੋਂ 18 ਮਾਰਚ 2023 ਨੂੰ ਮੈਪਲ ਕਾਲਜੀਏਟ ਵਿੱਚ ਪੰਜਾਬੀ ਥੀਏਟਰ ਦੀ ਮਸਹੂਰ ਤੇ ਨਾਮਵਰ ਅਦਾਕਾਰਾ ਅਨੀਤਾ ਸ਼ਬਦੀਸ ਦਾ ਨਾਟਕ ‘ਗੁੰਮਸ਼ੁਦਾ ਔਰਤ’ ਦਾ ਮੰਚਨ ਕਰਵਾਇਆ ਗਿਆ। ਨਾਟਕ ਜਿਥੇ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਦਾ ਬਾਖੂਬ ਚਿਤਵਣ ਪੇਸ਼ ਕਰਦਾ ਹੈ।ਉੱਥੇ ਇਹਨਾਂ ਸਮੱਸ਼ਿਆਵਾਂ ਨੂੰ ਬਣਾਈ ਰੱਖਣ ਵਿੱਚ ਜਾਤਾਂ , ਧਰਮਾਂ ਦੇ ਰੋਲ ਤੇ ਵੀ ਸਵਾਲ ਖੜ੍ਹੇ ਕਰਦਾ ਹੈ। ਨਾਟਕ ਨੇ ਮੌਜੂਦਾ ਭਾਰਤ ਦੀ ਭਾਜਪਾ ਸਰਕਾਰ ਤੇ ਵੀ ਸਵਾਲ ਖੜ੍ਹੇ ਕੀਤੇ ਹਨ । ਨਾਟਕ ਸਮਾਜ ਵਿੱਚ ਔਰਤ ਮਰਦ ਵਿੱਚ ਨਾਬਰਾਬਰੀ ਨੂੰ ਬਹੁਤ ਹੀ ਖੂਬ ਸੂਰਤ ਢੰਗ ਨਾਲ ਬਿਆਨ ਕਰਦਾ ਹੈ ਕਿ ‘ਮਰਦ ਔਰਤ ਨੂੰ ਬਹੁਤ ਪਿਆਰ ਦੇ ਸਕਦਾ ਹੈ,ਪੈਸਾ ਦੇ ਸਕਦਾ ਹੈ ਅਤੇ ਮਾਨ ਸਨਮਾਨ ਦੇ ਸਕਦਾ ਹੈ। ਪਰ ਬਰਾਬਰੀ ਦਾ ਹੱਕ ਕਦੇ ਨਹੀਂ ਦੇ ਸਕਦਾ।’ ਨਾਟਕ ਅਖੀਰ ‘ਚ ਔਰਤਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਪੜ੍ਹਨ ਲਿਖਣ ਤੇ ਸੰਘਰਸ਼ ਕਰਨ ਦਾ ਸੱਦਾ ਗੀਤ ਦੀਆਂ ਇਹਨਾਂ ਸਤਰਾਂ ਨਾਲ ਦਿੰਦਾ ਹੈ:-

ਉੱਠ ਨੀ ਕੁੜੀਏ ,ਉੱਠ ਨੀ ਚਿੜ੍ਹੀਏ, ਚੀਕ ਦਿਹਾੜਾ ਪਾ, ਜਿਹੜੀ ਤੇਰੇ ਰਾਹ ਨੂੰ ਰੋਕੇ ,ਉਸੇ ਕੰਧ ਨੂੰ ਢਾਹ।’
ਕੁੱਲ ਮਿਲਾਕੇ ਨਾਟਕ ਦੀ ਪੇਸ਼ਕਾਰੀ ਸਫਲ ਰਹੀ। ਨਾਟਕ ਤੋਂ ਪਹਿਲਾਂ ਜਸਵੀਰ ਮੰਗੂਵਾਲ ਵੱਲੋਂ ਇੱਕ ਕਵਿਤਾ ਪੜ੍ਹੀ ਗਈ।ਉਸ ਤੋਂ ਬਾਅਦ ਡਾ਼ ਬੱਬਨੀਤ ਨੇ ਵਿੰਨੀਪੈਗ ਵਿੱਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਸਕੂਲਾਂ ‘ਚ ਲਾਗੂ ਲਈ ਲੋਕਾਂ ਨੂੰ ਜਾਗਰੂਕ ਹੋਣ ਤੇ ਲਹਿਰ ਬਨਾਉਣ ਲਈ ਇੱਕੱਠੇ ਹੋ ਕੇ ਉਪਰਾਲਾ ਕਰਨ ਦਾ ਸੱਦਾ ਦਿੱਤਾ।

ਇਹ ਪਰੋਗਰਾਮ ਕੌਮਾਂਤਰੀ ਔਰਤ ਦਿਵਸ ਤੇ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਗਿਆ ਤੇ ਜਸਵੀਰ ਮੰਗੂਵਾਲ ਨੇ ਆਪਣੇ ਵਿਚਾਰ ਪੇਸ਼ ਕੀਤੇ। ਵਿਦਿਆਰਥਣ ਸੋਫ਼ੀਆ ਨੇ
ਕਵਿਤਾ ‘ਮੰਗਤੀ’ ਬਹੁਤ ਹੀ ਖੂਬਸੂਰਤ ਅੰਦਾਜ਼ ‘ਚ ਪੇਸ਼ ਕੀਤੀ ।ਜਿਸ ਨੂੰ ਹਾਜ਼ਰ ਲੋਕਾਂ ਨੇ ਸਾਹ ਰੋਕ ਕੇ ਸੁਣਿਆ ਤੇ ਤਾੜੀਆਂ ਦੀ ਗੂੰਜ ਨਾਲ ਦਾਦ ਦਿੱਤੀ।

ਵਰਨਣ ਯੋਗ ਗੱਲ ਇਹ ਰਹੀ ਕਿ ਮੌਸਮ ਠੰਡਾ ਹੋਣ ਦੇ ਬਾਵਜੂਦ ਜਗਦੀਪ ਤੂਰ ਦੇ ਨਾਲ ਉਸ ਦੇ ਬੇਟੇ ਪਰਾਗਦੀਪ ਅਤੇ ਬੇਟੀ ਪ੍ਰਭਲੀਨ ਨੇ ਲੱਗਭੱਗ ਤਿੰਨ ਘੰਟੇ ਸਟੇਜ ਤੇ ਪੰਡਾਲ ਦੀ ਤਿਆਰੀ ‘ ਚ ਸਾਥ ਦਿੱਤਾ।ਸਭਾ ਵੱਲੋਂ ਜਿੱਥੇ ਰੇਡੀਓ, ਟੀ ਵੀ, ਅਖਬਾਰਾਂ , ਫੇਸਬੁੱਕ ਪੇਜ , ਗੁਰਦੁਆਰਾ ਸਾਹਿਬਾਨ , ਸਟੋਰ ਮਾਲਕਾਂ ਤੇ ਲੋਕਾਂ ਦਾ ਪ੍ਰੋਗਰਾਮ ਦੀ ਸਫਲਤਾ ਲਈ ਯੋਗਦਾਨ ਪਾਉਣ ਤੇ ਧੰਨਵਾਦ ਕੀਤਾ। ਉੱਥੇ ਸੈਵਨ ਓਕਸ ਸਕੂਲ ਡਵੀਜ਼ਨ , ਜਗਦੀਪ ਤੂਰ ਤੇ ਦੋਵੇਂ ਨੰਨੇ ਸਹਿਯੋਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਸਟੇਜ ਸੰਚਾਲਨ ਮੰਗਤ ਨੇ ਕੀਤਾ